ਚੇਨਈ: ਇਨਕਮ ਟੈਕਟ ਵਿਭਾਗ ਨੇ ਚੇਨਈ ਵਿੱਚ ਇੱਕ ਛਾਪੇ ਦੌਰਾਨ 100 ਕਰੋੜ ਰੁਪਏ ਦੀ ਨਕਦੀ ਤੇ 90 ਕਿੱਲੋ ਸੋਨਾ ਬਰਾਮਦ ਹੋਇਆ ਹੈ। ਇਹ ਛਾਪਾ ਚੇਨਈ ਵਿੱਚ ਸੜਕ ਠੇਕੇਦਾਰ ਨਾਗਰਾਜਨ ਸੇਯਦੁਰਈ ਦੀ ਕੰਪਨੀ ਐਸਕੇਜੀ ਗਰੁੱਪ ਦੇ ਦਫ਼ਤਰਾਂ ਵਿੱਚ ਮਾਰਿਆ ਗਿਆ ਸੀ। ਸੋਮਵਾਰ ਸਵੇਰੇ 6 ਵਜੇ ‘ਆਪਰੇਸ਼ਨ ਪਾਰਕਿੰਗ ਮਨੀ’ ਨਾਂ ਦੇ ਆਪਰੇਸ਼ਨ ਤਹਿਤ ਕਰ ਵਿਭਾਗ ਨੇ ਤਾਮਿਲਨਾਡੂ ਵਿੱਚ 22 ਵੱਖ-ਵੱਖ ਥਾਈਂ ਛਾਪੇ ਮਾਰੇ, ਜਿਸ ਵਿੱਚ ਪੁਲਿਸ ਨੂੰ ਇੰਨੀ ਮੋਟੀ ਰਕਮ ਬਰਾਮਦ ਹੋਈ ਹੈ।

22 ਥਾਈਂ ਰੇਡ ਮਾਰਨ ਤੇ ਇੰਨੇ ਪੈਸੇ ਬਰਾਮਦ ਕਰਨ ਬਾਅਦ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਹੋਰ ਥਾਵਾਂ ’ਤੇ ਹਾਲ਼ੇ ਵੀ ਰੇਡ ਜਾਰੀ ਹੈ। ਇਹ ਆਪਰੇਸ਼ਨ ਇਨਕਮ ਟੈਕਸ ਵਿਭਾਗ ਦੀ ਚੇਨਈ ਜਾਂਚ ਟੀਮ ਚਲਾ ਰਹੀ ਹੈ। ਅਧਿਕਾਰੀਆਂ ਕਿਹਾ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਏ 100 ਕਰੋੜ ਰੁਪਏ ਦਾ ਕੋਈ ਰਿਕਾਰਡ ਨਹੀਂ। ਇਹ ਨਕਦੀ ਕੈਸ਼ ਟਰੈਵਲ ਬੈਗ ਵਿੱਚ ਭਰ ਕੇ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਵਿੱਚ ਰੱਖੇ ਗਏ ਸੀ।

ਜਿਸ ਕੰਪਨੀ ਵਿੱਚ ਛਾਪੇਮਾਰੀ ਕੀਤੀ ਗਈ ਹੈ, ਉਹ ਸੂਬਾ ਸਰਕਾਰ ਨਾਲ ਮਿਲ ਕੇ ਸੜਕ ਤੇ ਰਾਜਮਾਰਗ ਨਿਰਮਾਣ ਦਾ ਕੰਮ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਛਾਪੇਮਾਰੀ ਅੱਜ ਵੀ ਜਾਰੀ ਰਹੇਗੀ, ਜਿਸ ਕਾਰਨ ਬਰਾਮਦ ਰਕਮ ਹੋਰ ਵਧਣ ਦੇ ਆਸਾਰ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਸਿਆਂ ਦਾ ਅਸਾਧਾਰਣ ਲੈਣ-ਦੇਣ ਦੀ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ’ਤੇ ਇਹ ਛਾਪੇਮਾਰੀ ਕੀਤੀ ਗਈ ਹੈ। ਇਹ ਹੁਣ ਤਕ ਦੀ ਸਭ ਤੋਂ ਵੱਡੀ ਛਾਪੇਮਾਰੀ ਦੱਸੀ ਜਾ ਰਹੀ ਹੈ।