ਲਖਨਊ: ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਦੀਆਂ ਸੱਤ ਸੀਟਾਂ ਉੱਤੇ ਮੰਗਲਵਾਰ ਨੂੰ ਪੈਣ ਵਾਲੀਆਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਭਾਰਤੀ ਜਨਤਾ ਪਾਰਟੀ ਨਾਲ ਮਿਲੇ ਹੋਣ ਦੇ ਦੋਸ਼ਾਂ ਬਾਰੇ ਸਫ਼ਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਦੀ ਵਿਚਾਰਧਾਰਾ ਦੇ ਉਲਟ ਹੈ ਤੇ ਭਵਿੱਖ ’ਚ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਲਈ ਭਾਜਪਾ ਨਾਲ ਕਦੇ ਗੱਠਜੋੜ ਨਹੀਂ ਕਰੇਗੀ।


ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਚੋਣਾਂ ’ਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਸਾਡੀ ਪਾਰਟੀ ਵਿਰੁੱਧ ਸਾਜ਼ਿਸ਼ ਵਿੱਚ ਲੱਗੀਆਂ ਹੋਈਆਂ ਹਨ ਤੇ ਗ਼ਲਤ ਤਰੀਕੇ ਪ੍ਰਚਾਰ ਕਰ ਰਹੀਆਂ ਹਨ; ਤਾਂ ਜੋ ਮੁਸਲਿਮ ਸਮਾਜ ਦੇ ਲੋਕ ਬਸਪਾ ਤੋਂ ਵੱਖ ਹੋ ਜਾਣ। ਉਨ੍ਹਾਂ ਕਿਹਾ ਕਿ ਬਸਪਾ ਕਿਸੇ ਫਿਰਕੂ ਪਾਰਟੀ ਨਾਲ ਸਮਝੌਤਾ ਨਹੀਂ ਕਰ ਸਕਦੀ। ਸਾਡੀ ਵਿਚਾਰਧਾਰਾ ਸਰਬ ਧਰਮ ਦੀ ਹੈ ਤੇ ਭਾਜਪਾ ਦੀ ਵਿਚਾਰਧਾਰਾ ਇਸ ਤੋਂ ਉਲਟ ਹੈ। ਮਾਇਆਵਤੀ ਨੇ ਕਿਹਾ ਕਿ ਉਹ ਸਿਆਸਤ ਤੋਂ ਸੰਨਿਆਸ ਲੈ ਸਕਦੇ ਹਨ ਪਰ ਅਜਿਹੀਆਂ ਪਾਰਟੀਆਂ ਨਾਲ ਨਹੀਂ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਫਿਰਕੂ, ਜਾਤੀਵਾਦੀ ਤੇ ਪੂੰਜੀਵਾਦੀ ਵਿਚਾਰਧਾਰਾ ਰੱਖਣ ਵਾਲਿਆਂ ਨਾਲ ਸਾਰੇ ਮੋਰਚਿਆਂ ਉੱਤੇ ਲੜਨਗੇ ਤੇ ਕਿਸੇ ਦੇ ਸਾਹਮਣੇ ਝੁਕਣਗੇ ਨਹੀਂ।

ਮਾਇਆਵਤੀ ਨੇ ਕਿਹਾ ਕਿ ਜਦੋਂ ਉਨ੍ਹਾਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ ਸੀ, ਤਦ ਵੀ ਉਨ੍ਹਾਂ ਕਦੇ ਸਮਝੌਤਾ ਨਹੀਂ ਕੀਤਾ, ‘ਮੇਰੀ ਹਕੂਮਤ ਵੇਲੇ ਕਦੇ ਕੋਈ ਹਿੰਦੂ-ਮੁਸਲਿਮ ਦੰਗਾ ਨਹੀਂ ਹੋਇਆ ਸੀ, ਇਤਿਹਾਸ ਗਵਾਹ ਹੈ।’ ਉਨ੍ਹਾਂ ਕਿਹਾ ਜਦੋਂ ਵੀ ਕਦੇ ਸਮਾਜਵਾਦੀ ਪਾਰਟੀ ਸੱਤਾ ’ਚ ਆਈ ਹੈ, ਭਾਜਪਾ ਤਦ ਹੀ ਮਜ਼ਬੂਤ ਹੋਈ ਹੈ। ਰਾਜ ਵਿੱਚ ਭਾਜਪਾ ਦੀ ਮੌਜੂਦਾ ਸਰਕਾਰ ਵੀ ਸਮਾਜਵਾਦੀ ਪਾਰਟੀ ਕਾਰਣ ਹੀ ਬਣੀ ਹੈ।

ਬਸਪਾ ਸੁਪਰੀਮੋ ਨੇ ਕਿਹਾ ਕਿ ਸਾਲ 2003 ’ਚ ਮੇਰੀ ਸਰਕਾਰ ਵਿੱਚ ਜਦੋਂ ਭਾਜਪਾ ਨੇ ਲੋਕ ਸਭਾ ਚੋਣ ਦੌਰਾਨ ਗੱਠਜੋੜ ਲਈ ਦਬਾਅ ਬਣਾਇਆ ਸੀ, ਤਦ ਵੀ ਉਨ੍ਹਾਂ ਪ੍ਰਵਾਨ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੀਬੀਆਈ ਤੇ ਈਡੀ ਦੀ ਵੀ ਦੁਰਵਰਤੋਂ ਕੀਤੀ ਪਰ ਮੈਂ ਕੁਰਸੀ ਦੀ ਫ਼ਿਕਰ ਕਦੇ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੀਬੀਆਈ ਤੇ ਈਡੀ ਜਦੋਂ ਸਾਲ 2003 ਦੌਰਾਨ ਮੈਨੂੰ ਪ੍ਰੇਸ਼ਾਨ ਕਰ ਰਹੇ ਸਨ, ਤਦ ਕਾਂਗਰਸੀ ਆਗੂ ਸੋਨੀਆ ਗਾਂਧੀ ਦਾ ਫ਼ੋਨ ਆਇਆ ਸੀ ਤੇ ਮੈਨੂੰ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਲੰਮੇ ਸਮੇਂ ਤੱਕ ਕਾਂਗਰਸ ਦੀ ਸਰਕਾਰ ਰਹੀ ਪਰ ਮੇਰੀ ਮਦਦ ਕਦੇ ਨਹੀਂ ਕੀਤੀ ਗਈ ਤੇ ਅਖ਼ੀਰ ਸੁਪਰੀਮ ਕੋਰਟ ਤੋਂ ਇਨਸਾਫ਼ ਮਿਲਿਆ ਸੀ।