ਅੰਬਾਲਾ: ਤੋਪਖਾਨੇ ਦੇ ਖੇਤਰ ਵਿੱਚ ਇੱਕ 80 ਸਾਲਾ ਕੋਰੋਨਾ ਦੇ ਸ਼ੱਕੀ ਮਹਿਲਾ ਦੀ ਮੌਤ ਤੋਂ ਬਾਅਦ ਸਸਕਾਰ ਕਰਨ ਲਈ 9 ਕਿਲੋਮੀਟਰ ਦੂਰ ਚਾਂਦਪੁਰਾ ਪਹੁੰਚੀ ਪ੍ਰਸ਼ਾਸਨ ਦੀ ਟੀਮ 'ਤੇ ਪਿੰਡ ਵਾਸੀਆਂ ਨੇ ਪੱਥਰਬਾਜ਼ੀ ਕੀਤੀ। ਘਟਨਾ ਸੋਮਵਾਰ ਸ਼ਾਮ ਦੀ ਹੈ। ਸਸਕਾਰ ਕਰਨ ਤੋਂ ਰੋਕਣ ਲਈ ਪਿੰਡ ਵਾਸੀਆਂ ਨੇ ਪੁਲਿਸ, ਨਗਰ ਕੌਂਸਲ ਤੇ ਸਿਹਤ ਵਿਭਾਗ ਦੀ ਟੀਮ 'ਤੇ ਹਮਲਾ ਕੀਤਾ। ਐਂਬੂਲੈਂਸ ਦਾ ਸ਼ੀਸ਼ਾ ਟੁੱਟ ਗਿਆ।

ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਦੋ ਤੋਂ ਤਿੰਨ ਹਵਾਈ ਫਾਇਰ ਕੀਤੇ। ਪ੍ਰਸ਼ਾਸਨ ਦੀ ਦਲੀਲ ਹੈ ਕਿ ਸ਼ੱਕੀ ਕੋਰੋਨਾ ਮਾਮਲਿਆਂ ਦਾ ਪੂਰੀ ਸਾਵਧਾਨੀ ਨਾਲ ਸਸਕਾਰ ਕਰਨ ਲਈ ਕੁਝ ਇੱਕ ਸਮਸ਼ਾਨ ਘਾਟ ਨਿਸ਼ਾਨਦੇਹ ਕੀਤੇ ਹਨ। ਚਾਂਦਪੁਰਾ ਵੀ ਉਨ੍ਹਾਂ ਵਿੱਚੋਂ ਇੱਕ ਹੈ।

ਤੋਪਖਾਨੇ ਦੀ ਪਰੇਡ ਖੇਤਰ ਦੀ ਬਜ਼ੁਰਗ ਔਰਤ ਨੂੰ ਸਾਹ ਦੀ ਬਿਮਾਰੀ ਸੀ। ਐਤਵਾਰ ਨੂੰ ਉਸ ਨੂੰ ਕੈਂਟ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸੋਮਵਾਰ ਸਵੇਰੇ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਸ਼ਮਸ਼ਾਨਘਾਟ ਵਿਖੇ ਔਰਤ ਦਾ ਸਸਕਾਰ ਕਰਨ ਦਾ ਵਿਰੋਧ ਕੀਤਾ, ਕਿਉਂਕਿ ਔਰਤ ਪਿੰਡ ਦੀ ਨਹੀਂ ਸੀ।



ਗੱਲਬਾਤ ਬੈਹੱਸ ਤੋਂ ਬਾਅਦ ਪੱਥਰਬਾਜ਼ੀ ਵਿੱਚ ਤਬਦੀਲ ਹੋ ਗਈ। ਪਿੰਡ ਵਾਸੀਆਂ ਨੇ ਪੁਲਿਸ 'ਤੇ ਲਾਠੀਆਂ, ਇੱਟਾਂ ਤੇ ਪੱਥਰਾਂ ਨਾਲ ਹਮਲਾ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਪਿੰਡ ਵਾਸੀਆਂ ਖਦੇੜਣ ਲਈ ਹਵਾਈ ਫਾਇਰ ਕੀਤੇ ਤੇ ਲਾਠੀਚਾਰਜ ਵੀ ਕੀਤਾ।ਇਸ ਘਟਨਾ 'ਚ 5-6 ਪੁਲਿਸ ਕਰਮੀ ਜ਼ਖਮੀ ਹੋਏ ਹਨ।