ਨਵੀਂ ਦਿੱਲੀ: ਸ਼ਨੀਵਾਰ ਨੂੰ ਕਾਂਗਰਸ ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਜਨਪਥ ਰਿਹਾਇਸ਼ 'ਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੀਟਿੰਗ ਕੀਤੀ ਗਈ। ਕਾਂਗਰਸ ਨੇ ਅਸਾਮ ਅਤੇ ਕੇਰਲ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਕ ਅਹਿਮ ਫੈਸਲਾ ਲਿਆ। ਇਸ ਦੇ ਤਹਿਤ ਕੇਰਲਾ ਅਤੇ ਅਸਾਮ ਵਿਚ ਤਿੰਨ ਸਕੱਤਰ ਨਿਯੁਕਤ ਕੀਤੇ ਗਏ ਹਨ ਜੋ ਰਾਜਾਂ ਦੇ ਇੰਚਾਰਜ ਜਨਰਲ ਸਕੱਤਰਾਂ ਦੇ ਕੰਮ ਵਿਚ ਸਹਾਇਤਾ ਕਰਨਗੇ। ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਨਿਯੁਕਤ ਕੀਤਾ ਹੈ।

ਕਾਂਗਰਸ ਨੇ ਅਸਾਮ ਵਿੱਚ ਵਿਧਾਇਕ ਅਨਿਰੁੱਧ ਸਿੰਘ, ਵਿਕਾਸ ਉਪਾਧਿਆਯ, ਪ੍ਰਿਥਵੀ ਰਾਜ ਪ੍ਰਭਾਕਰ ਸਾਥੇ ਨੂੰ AICC ਸਕੱਤਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਸਾਬਕਾ ਸਾਂਸਦ ਪੀ ਵਿਸ਼ਵਨਾਥ, ਸਾਬਕਾ ਐਮਐਲਸੀ ਇਵਾਨ ਡੀਸੂਜ਼ਾ, ਪੀ ਵੀ ਮੋਹਨ ਨੂੰ ਕੇਰਲ ਵਿੱਚ ਕਾਂਗਰਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਰਾਜਾਂ ਦੇ ਜਨਰਲ ਸਕੱਤਰਾਂ ਦਾ ਸਮਰਥਨ ਕਰਨਗੇ।

ਇਸ ਮੀਟਿੰਗ 'ਚ ਕਾਂਗਰਸੀ ਨੇਤਾ ਅਸ਼ੋਕ ਗਹਿਲੋਤ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਬੀ ਐਸ ਹੁੱਡਾ, ਅੰਬਿਕਾ ਸੋਨੀ, ਪੀ ਚਿਦੰਬਰਮ ਸਮੇਤ ਕਈ ਹੋਰ ਸੀਨੀਅਰ ਆਗੂ ਸ਼ਾਮਲ ਹੋਏ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਵੀ ਇਸ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਅੱਜ ਮੀਟਿੰਗ ਵਿੱਚ ਪਾਰਟੀ ਦੇ ਉਹ ਆਗੂ ਮੌਜੂਦ ਸੀ, ਜਿਨ੍ਹਾਂ ਨੇ ਚਾਰ ਮਹੀਨੇ ਪਹਿਲਾਂ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਪਾਰਟੀ ਲੀਡਰਸ਼ਿਪ ‘ਤੇ ਸਵਾਲ ਚੁੱਕੇ ਸਨ।

ਇਸ ਬੈਠਕ ਤੋਂ ਇਹ ਅੰਦਾਜ਼ਾ ਵੀ ਲਾਇਆ ਜਾ ਸਕਦਾ ਹੈ ਕਿ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਬੁਲਾਈ ਗਈ ਇਸ ਬੈਠਕ ਦਾ ਉਦੇਸ਼ ਰਾਜਨੀਤਿਕ ਸਥਿਤੀ ਦੇ ਨਾਲ ਨਾਲ ਰਣਨੀਤੀ ਵੀ ਤਿਆਰ ਕਰਨਾ ਹੈ। ਸੂਤਰਾਂ ਅਨੁਸਾਰ, ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਦੀ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।