ਨਵੀਂ ਦਿੱਲੀ: ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਗ੍ਰਹਿ ਸਕੱਤਰ ਰਾਜੀਬ ਗਾਬਾ ਨਾਲ ਉੱਚ ਪੱਧਰੀ ਬੈਠਕ ਕੀਤੀ। ਇਸ ਦੌਰਾਨ ਜੰਮੂ ਕਸ਼ਮੀਰ ਵਿੱਚ ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲੇ ਦੇ ਖ਼ਦਸ਼ੇ ਤੇ LOC 'ਤੇ ਪਾਕਿਸਤਾਨੀ ਅੱਤਵਾਦੀਆਂ ਦੀ ਘੁਸਪੈਠ ਦੇ ਖ਼ਤਰੇ ਨੂੰ ਵੇਖਦਿਆਂ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ ਗਈ। ਬੈਠਕ ਵਿੱਚ ਇੰਟੈਲੀਜੈਂਸ ਬਿਊਰੋ (IB) ਦੇ ਮੁਖੀ ਸਾਮੰਤ ਕੁਮਾਰ ਗੋਇਲ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਸੋਮਵਾਰ ਸਵੇਰੇ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਜੰਮੂ-ਕਸ਼ਮੀਰ ਵਿੱਚ ਚੱਲ ਰਹੇ ਹਾਲਾਤ 'ਤੇ ਕੈਬਨਿਟ ਮੀਟਿੰਗ ਵੀ ਬੁਲਾਈ ਜਾਏਗੀ।
ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ ਆਪਣੀ ਰਿਹਾਇਸ਼ 'ਤੇ ਵੀ ਕੈਬਨਿਟ ਦੀ ਬੈਠਕ ਸੱਦੀ ਹੈ। ਇਸ ਬੈਠਕ ਵਿੱਚ ਵੀ ਜੰਮੂ-ਕਸ਼ਮੀਰ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਇੱਕ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਸ ਦੌਰਾਨ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਨੂੰ ਰਾਜ ਸਭਾ ਵਿੱਚ ਜੰਮੂ ਕਸ਼ਮੀਰ ਆਰਕਸ਼ਣ ਸੋਧ ਬਿੱਲ ਪੇਸ਼ ਕਰਦੇ ਹਨ।
ਜੰਮੂ ਕਸ਼ਮੀਰ ਵਿੱਚ ਸਥਾਨਕ ਨਾਗਰਿਕਾਂ ਤੋਂ ਲੈ ਕੇ ਸੈਲਾਨੀਆਂ ਤੱਕ ਸਾਰੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਭਾਰੀ ਹਥਿਆਰਬੰਦ ਸੈਨਾ ਕਸ਼ਮੀਰ ਭੇਜੀ ਗਈ ਤੇ ਸ਼ੁੱਕਰਵਾਰ ਨੂੰ ਸਰਕਾਰ ਨੇ ਅਜਿਹੀ ਐਡਵਾਇਜ਼ਰੀ ਜਾਰੀ ਕਰ ਦਿੱਤੀ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਹੋਰ ਵਧ ਗਈ। ਉੱਧਰ ਸਥਾਨਕ ਨਾਗਰਿਕਾਂ ਨੂੰ ਭਰੋਸਾ ਦਿੰਦੇ ਹੋਏ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਵਾਦੀ ਵਿੱਚ ਸਭ ਕੁਝ ਆਮ ਹੈ, ਕੁਝ ਵੀ ਹੋਣ ਵਾਲਾ ਨਹੀਂ ਹੈ।