ਨਵੀਂ ਦਿੱਲੀ: ਪੀਡੀਪੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸੋਮਵਾਰ ਨੂੰ ਕਿਹਾ ਕਿ ਕਸ਼ਮੀਰ ਮਾਮਲੇ ਦਾ ਹੱਲ ਹਿੰਸਾ ਤੇ ਖੂਨ-ਖਰਾਬੇ ਦੀ ਬਜਾਏ ਕਰਤਾਪੁਰ ਜਿਹੀ ਪਹਿਲ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਇਸ ਲਈ ਬੇਹੱਦ ਇਮਾਨਦਾਰ ਪਹਿਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੰਬਈ 26/11 ਹਮਲੇ ਦੇ 10 ਸਾਲ ਪੂਰੇ ਹੋਣ ਦੇ ਦਿਨ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਣਾ ਕਾਫੀ ਮਾਇਨੇ ਰੱਖਦਾ ਹੈ।


ਬੀਤੇ ਦਿਨੀਂ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਕਾਰੀਡੋਰ ਖੋਲ੍ਹਣ ਲਈ ਭਾਰਤੀ ਜ਼ਮੀਨ ‘ਤੇ ਨੀਂਹ ਪੱਥਰ ਰੱਖੀਆ। ਇਸ ਦੇ ਨਾਲ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ‘ਚ ਮੌਜੂਦ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਜਾਣ ‘ਚ ਸੁਵਿਧਾ ਹੋਵੇਗੀ।

ਮਹਿਬੂਬਾ ਮੁਫਤੀ ਨੇ ਆਪਣੇ ਬਿਆਨ ‘ਚ ਕਿਹਾ ਕਿ ਪਾਕਿਸਤਾਨ ਦਾ ਫੈਸਲਾ ਕਾਬਿਲ-ਏ-ਤਾਰੀਫ ਹੈ ਤੇ ਸਾਡੀ ਲੀਡਰਸ਼ਿਪ ਨੇ ਵੀ ਉਹੀ ਰਾਜਨੀਤਕ ਗੰਭੀਰਤਾ ਦਿਖਾਈ ਹੈ। ਇਹ ਫੈਸਲਾ ਦੱਸਦਾ ਹੈ ਕਿ ਦੋਨਾਂ ਦੇਸ਼ਾਂ ‘ਚ ਵਧੀਆ ਰਿਸ਼ਤੇ ਕਾਇਮ ਕਰਨ ਲਈ ਭਾਰਤ ਵੀ ਕਾਫੀ ਗੰਭੀਰ ਹੈ। ਉਧਰ ਮਹਿਬੂਬਾ ਮੁਫਤੀ ਕਸ਼ਮੀਰ ‘ਚ ਹੋਈ ਤਾਜ਼ਾ ਹਿੰਸਕ ਗਤੀਵਿਧੀਆਂ ਦੀ ਨਿੰਦਾ ਕੀਤੀ ਤੇ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ।