ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਵਿੱਚ ਕੋਰੋਨਾਵਾਇਰਸ ਦੇ 76 ਫੀਸਦ ਮਾਮਲੇ ਪੁਰਸ਼ਾਂ ਵਿੱਚ ਹਨ। ਜਦਕਿ 24 ਪ੍ਰਤੀਸ਼ਤ ਔਰਤਾਂ ਵਿੱਚ ਹਨ। ਕੋਵਿਡ-19 'ਤੇ ਨਿਯਮਤ ਬ੍ਰੀਫਿੰਗ ਦੌਰਾਨ, ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ 63 ਫੀਸਦ ਮਰੀਜ਼ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਤੇ 37 ਪ੍ਰਤੀਸ਼ਤ ਕੇਸ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਹਨ।


ਲਵ ਅਗਰਵਾਲ ਨੇ ਦੱਸਿਆ ਕਿ “ਪਿਛਲੇ 24 ਘੰਟਿਆਂ ਵਿੱਚ 693 ਨਵੇਂ ਕੋਵੀਡ-19 ਕੇਸ ਸਾਹਮਣੇ ਆਏ ਹਨ। ਭਾਰਤ ਵਿੱਚ ਕੁੱਲ ਕੇਸਾਂ ਦੀ ਗਿਣਤੀ 4067 ਹੋ ਗਈ ਹੈ, ਜਿਨ੍ਹਾਂ ਵਿੱਚੋਂ 1445 ਕੇਸ ਤਬਲੀਗੀ ਜਮਾਤ ਨਾਲ ਸਬੰਧਤ ਹਨ। ਪੁਰਸ਼ਾਂ ਵਿੱਚ 76 ਪ੍ਰਤੀਸ਼ਤ ਤੇ ਔਰਤਾਂ ਵਿੱਚ 24 ਪ੍ਰਤੀਸ਼ਤ ਕੋਰੋਨਾ ਦੀ ਰਿਪੋਰਟ ਦਰਜ ਕੀਤੀ ਗਈ ਹੈ।

ਦੇਸ਼ ਵਿੱਚ ਕੋਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 109 ਹੈ। ਕੱਲ੍ਹ 30 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਸੀ। 63 ਪ੍ਰਤੀਸ਼ਤ ਮੌਤਾਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੋਈਆਂ, 30 ਪ੍ਰਤੀਸ਼ਤ 40 ਤੋਂ 60 ਸਾਲ ਦੀ ਉਮਰ ਵਿੱਚ ਤੇ 7 ਪ੍ਰਤੀਸ਼ਤ ਮੌਤਾਂ 40 ਸਾਲ ਤੇ ਘੱਟ ਉਮਰ ਵਾਲਿਆਂ ਦੀਆਂ ਹੋਈਆਂ ਹਨ।

ਗ੍ਰਹਿ ਮੰਤਰਾਲੇ ਦੀ ਸੰਯੁਕਤ ਸੱਕਤਰ ਪੁਣਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ, "ਅਸੀਂ 25,000 ਤਬਲੀਗੀ ਜਮਾਤ ਦੇ ਕਾਰਕੁਨਾਂ ਤੇ ਉਨ੍ਹਾਂ ਦੇ ਸੰਪਰਕਾਂ ਨੂੰ ਅਲੱਗ ਕਰ ਦਿੱਤਾ ਹੈ।" ਹਰਿਆਣਾ ਦੇ 5 ਪਿੰਡ ਜਿੱਥੇ ਉਹ ਗਏ ਸਨ, ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।