ਬਲਾਤਕਾਰ ਤੇ ਮਾਂ ਦੇ ਕਤਲ ਤੋਂ ਬਾਅਦ ਗਾਇਕਾ ਹਰਸ਼ਿਤਾ ਬਣੀ ਸੀ ਗੈਂਗਸਟਰ
ਏਬੀਪੀ ਸਾਂਝਾ | 20 Oct 2017 07:06 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਹਰਿਆਣਵੀ ਗਾਇਕਾ ਤੇ ਡਾਂਸਰ ਹਰਸ਼ਿਤਾ ਦਹੀਆ ਬਾਰੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਹਰਸ਼ਿਤਾ ਨੇ ਖ਼ੁਦ ਨਾਲ ਹੋਏ ਬਲਾਤਕਾਰ ਤੇ ਆਪਣੀ ਮਾਂ ਦੇ ਕਤਲ ਦਾ ਬਾਅਦ ਬਦਲਾ ਲੈਣਾ ਚਾਹੁੰਦੀ ਸੀ। ਇਸ ਲਈ ਉਹ ਰਵਿੰਦਰ ਪੁਗਥਲਾ ਦੇ ਗੈਂਗ ਦੀ ਮੈਂਬਰ ਬਣ ਗਈ ਸੀ। ਆਪਣੀ ਜਾਨ ਨੂੰ ਖ਼ਤਰਾ ਵੇਖ ਉਹ ਰਵਿੰਦਰ ਪੁਗਥਲਾ ਗੈਂਗ ਦੇ ਗੁਰਗੇ ਸ਼ਕਤੀ ਨਾਲ ਰਹਿਣ ਲੱਗ ਗਈ ਸੀ। 2 ਮਈ, 2016 ਨੂੰ ਸੋਨੀਪਤ ਸੀ.ਆਈ.ਏ. ਦੀ ਟੀਮ ਨੇ ਉਸ ਨੂੰ ਤੇ ਉਸ ਦੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਹਰਸ਼ਿਤਾ ਤੇ ਉਸ ਦੇ ਸਾਥੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ ਸੀ। ਪੁਲਿਸ ਨੇ ਉਸ ਸਮੇਂ ਉਨ੍ਹਾਂ ਤੋਂ ਦੇਸੀ ਪਿਸਤੌਲ ਬਰਾਮਦ ਕੀਤਾ ਸੀ। ਇਸ ਸਬੰਧੀ ਹਰਸ਼ਿਤਾ ਵਿਰੁੱਧ ਮਾਮਲਾ ਵੀ ਦਰਜ ਹੋਇਆ ਸੀ ਪਰ ਨਾਬਾਲਗ਼ ਹੋਣ ਕਾਰਨ ਉਸ ਨੂੰ ਜ਼ਮਾਨਤ ਮਿਲ ਗਈ ਸੀ। ਉਦੋਂ ਤੋਂ ਲੈ ਕੇ ਮੌਤ ਹੋਣ ਤਕ ਉਹ ਜ਼ਮਾਨਤ 'ਤੇ ਹੀ ਸੀ। ਪੁਲਿਸ ਨੇ ਇਸੇ ਸਾਲ ਦੀ 10 ਫਰਵਰੀ ਨੂੰ ਗੈਂਗਸਟਰ ਰਵਿੰਦਰ ਪੁਗਥਲਾ ਨੂੰ ਮੁਕਾਬਲੇ ਦੌਰਾਨ ਮਾਰ ਮੁਕਾਇਆ ਸੀ। ਹਰਸ਼ਿਤਾ ਦਾ ਸਾਥੀ ਸ਼ਕਤੀ ਹਾਲੇ ਵੀ ਜੇਲ੍ਹ ਵਿੱਚ ਹੈ। ਦੱਸ ਦੇਈਏ ਕਿ ਹਰਸ਼ਿਤਾ ਦੇ ਜੀਜਾ ਨੇ ਪੁਲਿਸ ਸਾਹਮਣੇ ਉਸ ਨੂੰ ਕਤਲ ਕਰਨ ਦਾ ਜੁਰਮ ਕਬੂਲ ਲਿਆ ਹੈ। ਪੁਲਿਸ ਨੂੰ ਹਰਸ਼ਿਤਾ ਦੇ ਕਤਲ ਪਿੱਛੇ ਉਸ ਦੇ ਜੀਜੇ ਦਾ ਹੱਥ ਹੋਣ ਦਾ ਸ਼ੱਕ ਹਰਸ਼ਿਤਾ ਦੀ ਭੈਣ ਵੱਲੋਂ ਜਾਹਰ ਕੀਤਾ ਗਿਆ ਸੀ।