ਨਵੀਂ ਦਿੱਲੀ: ਅਗਸਤਾ ਵੈਸਟਲੈਂਡ ਕੇਸ ਦੇ ਕਥਿਤ ਵਿਚੋਲੇ ਕ੍ਰਿਸ਼ਚਿਅਨ ਮਿਸ਼ੇਲ ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਪੰਜ ਦਿਨਾਂ ਦੇ ਸੀਬੀਆਈ ਰਿਮਾਂਡ 'ਤੇ ਭੇਜ ਦਿੱਤਾ ਹੈ। ਸੀਬੀਆਈ ਨੇ ਅਦਾਲਤ ਤੋਂ ਕ੍ਰਿਸ਼ਚਿਅਨ ਮਿਸ਼ੇਲ ਦਾ ਨੌਂ ਦਿਨਾਂ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੰਜ ਦਿਨਾਂ ਰਿਮਾਂਡ ਦੀ ਆਗਿਆ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ। ਸੀਬੀਆਈ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਮਿਸ਼ੇਲ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਦੇ ਰਿਹਾ।
ਸੀਬੀਆਈ ਨੇ ਆਪਣੀ ਦਲੀਲ 'ਚ ਕਿਹਾ ਕਿ ਅਸੀਂ ਉਸ ਤੋਂ ਲੇਟਰਸ ਰੋਗੇਟਰੀ ਸਬੰਧੀ ਪੁੱਛਗਿੱਛ ਕਰਨੀ ਹੈ ਜੋ ਪੰਜ ਦੇਸ਼ਾਂ ਤੋਂ ਪ੍ਰਾਪਤ ਹੋਇਆ। ਇਟੈਲੀਅਨ ਜਾਂਚ ਵਿੱਚ ਮਿਸ਼ੇਲ ਨੇ ਸਹਿਯੋਗ ਨਹੀਂ ਕੀਤਾ। ਸੀਬੀਆਈ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਕ੍ਰਿਸ਼ਚਿਯਨ ਮਿਸ਼ੇਲ ਨੂੰ ਮਿਲਣ ਦੀ ਇਜਾਜ਼ਤ ਦੇਣ ਲਈ ਰਾਜ਼ੀ ਹੋ ਗਈ ਹੈ। ਸੀਬੀਆਈ ਵੱਲੋਂ ਮਿਸ਼ੇਲ ਦੇ ਵਕੀਲ ਨੂੰ ਦਿਨ 'ਚ ਦੋ ਵਾਰ ਦੀ ਥਾਂ ਇੱਕ ਵਾਰ ਮਿਲਣ ਦੇਣ ਦੀ ਅਪੀਲ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਅੱਧਾ ਘੰਟਾ ਸਵੇਰ ਸਮੇਂ (10-10:30) ਤੇ ਅੱਧਾ ਘੰਟਾ ਸ਼ਾਮ (5:30-6:00) ਨੂੰ ਮਿਲਣ ਦੀ ਇਜਾਜ਼ਤ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕ੍ਰਿਸ਼ਚਿਅਨ ਮਿਸ਼ੇਲ ਨੂੰ ਬੀਤੇ ਮੰਗਲਵਾਰ ਰਾਤ ਦੁਬਈ ਤੋਂ ਭਾਰਤ ਲਿਆਂਦਾ ਗਿਆ ਸੀ। ਮਿਸ਼ੇਲ 'ਤੇ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਘੋਟਾਲੇ 'ਚ 225 ਕਰੋੜ ਰੁਪਏ ਦੀ ਰਿਸ਼ਵਤਖੋਰੀ ਦੇ ਇਲਜ਼ਾਮ ਹਨ।