ਪਾਇਲਟ ਦੀ ਅਣਗਹਿਲੀ ਬਣੀ ਸੈਂਕੜਿਆਂ ਦੀ ਜਾਨ ਦਾ ਖੌਅ, ਹਵਾ 'ਚ ਟਕਰਾਉਣੋਂ ਮਸਾਂ ਬਚੇ ਤਿੰਨ ਜਹਾਜ਼
ਏਬੀਪੀ ਸਾਂਝਾ | 29 Dec 2018 03:24 PM (IST)
ਨਵੀਂ ਦਿੱਲੀ: ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨੇ ਕਈ ਚੇਤਾਵਨੀਆਂ ਜਾਰੀ ਕਰ ਕੇ ਤਿੰਨ ਜਹਾਜ਼ਾਂ ਨੂੰ ਆਪਸ ਵਿੱਚ ਟਕਰਾਉਣੋਂ ਬਚਾ ਲਿਆ। ਸੈਂਕੜੇ ਯਾਤਰੀਆਂ ਨੂੰ ਲੈ ਕੇ ਜਾ ਰਹੇ ਵਿਦੇਸ਼ੀ ਏਅਰਲਾਈਨਜ਼ ਦੇ ਤਿੰਨੇ ਜਹਾਜ਼ ਇੱਕ-ਦੂਜੇ ਦੇ ਕਾਫੀ ਨਜ਼ਦੀਕ ਆ ਗਏ ਸੀ। ਹਾਲਾਂਕਿ, ਆਟੋ ਜਨਰੇਟਿਡ ਵਾਰਨਿੰਗ ਤੇ ਏਟੀਸੀ ਦੇ ਲਗਾਤਾਰ ਦਖ਼ਲ ਦੇਣ ਕਰਕੇ ਵੱਡਾ ਹਾਦਸਾ ਟਲ ਗਿਆ। ਅਧਿਕਾਰੀਆਂ ਮੁਤਾਬਕ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ 23 ਦਸੰਬਰ ਨੂੰ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੀ ਨੈਸ਼ਨਲ ਏਅਰਲਾਈਨਜ਼ ਦੀ ਉਡਾਣ ਐਨਸੀਆਰ840 ਦੇ ਪਾਇਲਟ ਨੇ ਟ੍ਰੈਫਿਕ ਕੋਲੀਜ਼ਨ ਅਵੌਇਡੈਂਸ ਸਿਸਟਮ (ਟੀਸੀਏਐਸ) ਦੀ ਚੇਤਾਵਨੀ ਵੱਲ ਸਹੀ ਤਰੀਕੇ ਨਾਲ ਧਿਆਨ ਨਹੀਂ ਦਿੱਤਾ। ਇਸ ਲਈ ਖ਼ਤਰੇ ਦੀ ਸਥਿਤੀ ਬਣ ਗਈ ਸੀ। ਉਸ ਨੂੰ ਜਹਾਜ਼ ਦੀ ਉਚਾਈ ਵਧਾਉਣ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ ਗਈ ਸੀ ਤੇ ਉਸ ਨੇ ਅਗਲੇ ਨਿਰਦੇਸ਼ ਤਕ ਉਡੀਕ ਕਰਨੀ ਸੀ। ਪਰ ਪਾਇਲਟ ਨੇ ਬਗ਼ੈਰ ਹੁਕਮ ਜਹਾਜ਼ ਨੂੰ ਉੱਪਰ ਉਠਾਉਣਾ ਸ਼ੁਰੂ ਕਰ ਦਿੱਤਾ। ਜਦੋਂ ਏਟੀਸੀ ਨੇ ਜਹਾਜ਼ ਉੱਪਰ ਹੁੰਦਾ ਵੇਖਿਆ ਤਾਂ ਤੁਰੰਤ ਉਸ ਦੇ ਪਾਇਲਟ ਨੂੰ ਖੱਬੇ ਪਾਸੇ ਮੁੜਨ ਲਈ ਕਿਹਾ। ਇਸੇ ਦੌਰਾਨ ਬਾਕੀ ਦੋ ਜਹਾਜ਼ਾਂ ਦੇ ਪਾਇਲਟਾਂ ਨੂੰ ਵੀ ਟੀਸੀਏਐਸ ਚੇਤਾਵਨੀ ਜਾਰੀ ਕੀਤੀ ਗਈ ਤੇ ਘਟਨਾ ਬਾਰੇ ਸਾਵਧਾਨ ਰਹਿਣ ਲਈ ਕਿਹਾ ਗਿਆ। ਲਗਾਤਾਰ ਜਾਰੀ ਕੀਤੀਆਂ ਚੇਤਾਵਨੀਆਂ ਕਰਕੇ ਤਿੰਨੋ ਪਾਇਲਟ ਚੌਕੰਨੇ ਹੋ ਗਏ ਤੇ ਆਪਣੇ ਜਹਾਜ਼ਾਂ ਨੂੰ ਢੁੱਕਵੀਂ ਦੂਰੀ ’ਤੇ ਸੁਰੱਖਿਅਤ ਥਾਂ ’ਤੇ ਲੈ ਗਏ।