ਨਵੀਂ ਦਿੱਲੀ: ਲੌਕਡਾਊਨ ਕਾਰਨ ਕੰਮਕਾਜ ਠੱਪ ਹੋਣ ਮਗਰੋਂ ਮਜ਼ੂਰਾਂ ਦਾ ਆਪਣੇ ਗ੍ਰਹਿ ਰਾਜਾਂ ਵੱਲ ਪਲਾਇਨ ਜਾਰੀ ਹੈ। ਕਈ ਮੁਸ਼ੱਕਤਾਂ ਝੱਲ ਕੇ ਮਜ਼ਦੂਰ ਪੈਦਲ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਰ ਰਹੇ ਹਨ। ਅਜਿਹੇ 'ਚ ਅੰਬਾਲਾ ਤੋਂ ਮੱਧ ਪ੍ਰਦੇਸ਼ ਦੇ ਰੀਵਾ ਤਕ ਇਕ ਹਜ਼ਾਰ ਕਿਲੋਮੀਟਰ ਤਕ ਦਾ ਸਫ਼ਰ 48 ਪਰਵਾਸੀ ਮਜ਼ਦੂਰਾਂ ਲਈ ਆਸਾਨ ਨਹੀਂ ਸੀ ਪਰ ਉਨ੍ਹਾਂ ਮੀਡੀਆ ਤੇ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ, ਜਿੰਨ੍ਹਾਂ ਨੇ ਉਨ੍ਹਾਂ ਦੇ ਬੁਰੇ ਦੌਰ 'ਚ ਕਾਫੀ ਮਦਦ ਕੀਤੀ।
ਪਰਵਾਸੀ ਮਜ਼ਦੂਰਾਂ ਦੇ ਗਰੁੱਪ 'ਚ 20 ਬੱਚੇ ਤੇ ਪੰਜ ਮਹਿਲਾਵਾਂ ਵੀ ਸ਼ਾਮਲ ਹਨ। ਇਕ ਮਹਿਲਾ ਨੇ ਤਾਂ ਰਾਹ 'ਚ ਹੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ। ਇਨ੍ਹਾਂ ਦਾ ਸਫ਼ਰ 14 ਦਿਨ ਪਹਿਲਾਂ ਸ਼ੁਰੂ ਹੋਇਆ ਸੀ ਤੇ ਉਹ ਅੰਬਾਲਾ ਤੋਂ ਪੈਦਲ ਹੀ ਚੱਲੇ ਸਨ। ਲੌਕਡਾਊਨ ਕਾਰਨ ਕਿਰਾਇਆ ਨਾ ਦੇ ਸਕਣ ਕਾਰਨ ਮਕਾਨ ਮਾਲਿਕ ਨੇ ਮਕਾਨ ਖਾਲੀ ਕਰਨ ਲਈ ਦਬਾਅ ਬਣਾਇਆ ਤਾਂ ਉਹ ਆਪਣੇ ਗ੍ਰਹਿ ਸੂਬੇ ਵੱਲ ਚੱਲ ਪਏ।
ਸੜਕ ਕਿਨਾਰੇ ਬੱਚੇ ਨੂੰ ਜਨਮ ਦੇਣ ਵਾਲੀ 40 ਸਾਲਾ ਮੀਨਾ ਕੁਮਾਰੀ ਨੇ ਦੱਸਿਆ ਕਿ ਤਪਦੀ ਗਰਮੀ 'ਚ ਉਹ ਨਵਜਨਮੇ ਨੂੰ ਗੋਦੀ ਚੁੱਕ ਕੇ ਕਰੀਬ ਡੇਢ ਸੌ ਕਿਲੋਮੀਟਰ ਪੈਦਲ ਚੱਲੀ।
ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕਿ ਰਾਹ 'ਚ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਖਾਣ ਪੀਣ ਦਾ ਸਮਾਨ ਮੁਹੱਈਆ ਕਰਾਇਆ। ਬੁੱਧਵਾਰ ਅਲੀਗੜ ਪਹੁੰਚਣ 'ਤੇ ਉਨ੍ਹਾਂ ਨੇ ਬੰਦ ਦੁਕਾਨਾਂ ਨੇ ਬਰਾਂਡਿਆਂ 'ਚ ਸ਼ਰਣ ਲਈ। ਹਾਲਾਂਕਿ ਪੁਲਿਸ ਕਰਮੀਆਂ ਨੇ ਉਨ੍ਹਾਂ 'ਤੇ ਉੱਥੋਂ ਜਾਣ ਦਾ ਦਬਾਅ ਬਣਾਇਆ ਪਰ ਸਥਾਨਕ ਲੋਕਾਂ ਤੇ ਮੀਡੀਆ ਕਰਮੀਆਂ ਦੀ ਬਦੌਲਤ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਇਕ ਸਰ੍ਹਾਂ 'ਚ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ।
ਵੀਰਵਾਰ ਨਿਊਜ਼ ਚੈਨਲਾਂ ਨੇ ਇਨ੍ਹਾਂ ਮਜ਼ਦੂਰਾਂ ਦੀ ਵੀਡੀਓ ਕਲਿੱਪ ਚਲਾਈ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ 'ਚ ਆਇਆ। ਉਸੇ ਰਾਤ ਹੀ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ 'ਚ ਭੇਜਣ ਦਾ ਪ੍ਰਬੰਧ ਕੀਤਾ ਗਿਆ।
ਇਹ ਵੀ ਪੜ੍ਹੋ: ਲੌਕਡਾਊਨ-4 ਲਈ ਵੱਖ-ਵੱਖ ਸੂਬਿਆਂ ਨੇ ਦਿੱਤੇ ਇਹ ਸੁਝਾਅ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ