ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 12 ਮਈ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਲੌਕਡਾਊਨ-4 ਦੇ ਸੰਕੇਤ ਦਿੱਤੇ ਸਨ। ਇਸ ਮੁਤਾਬਕ ਲੌਕਡਾਊਨ ਦੇ ਚੌਥੇ ਗੇੜ 'ਚ ਕੋਰੋਨਾ ਨਾਲ ਲੜ੍ਹਨ ਦਾ ਸੰਕਲਪ ਵੀ ਹੋਵੇਗਾ ਤੇ ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਜ਼ਰੂਰੀ ਉਪਾਅ ਵੀ। ਵੱਖ-ਵੱਖ ਸੂਬਿਆਂ ਵੱਲੋਂ ਲੌਕਡਾਊਨ-4 ਪ੍ਰਤੀ ਕਈ ਸੁਝਾਅ ਵੀ ਆਏ ਹਨ।
ਲੌਕਡਾਊਨ-4 'ਚ ਯਾਤਰੀ ਰੇਲ ਸੇਵਾ ਦੇ ਹੋਰ ਵਿਸਥਾਰ ਤੇ ਘਰੇਲੂ ਯਾਤਰੀ ਉਡਾਣਾਂ ਨੂੰ ਸੂਚੀਬੱਧ ਤਰੀਕੇ ਨਾਲ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।
ਛੋਟੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਛੋਟ ਦੇਣ ਦੀ ਗੱਲ ਕਹੀ ਗਈ ਹੈ ਤਾਂਕਿ ਡਿਮਾਂਡ ਤੇ ਸਪਲਾਈ ਦੀ ਚੇਨ ਮੁੜ ਸ਼ੁਰੂ ਹੋ ਸਕੇ।
ਸੂਬੇ ਕੇਂਦਰ ਤੋਂ ਹੌਟਸਪੌਟ ਨੂੰ ਪਰਿਭਾਸ਼ਤ ਕਰਨ ਦਾ ਅਧਿਕਾਰ ਵੀ ਮੰਗਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਨੂੰ ਲੈਕੇ ਸਖ਼ਤੀ ਹੁਣ ਸਿਰਫ਼ ਕੰਟੇਨਮੈਂਟ ਜ਼ੋਨ ਤਕ ਹੀ ਰਹੇਗੀ। ਦੇਸ਼ 'ਚ ਕਿਤੇ ਵੀ ਸਕੂਲ,ਕਾਲਜ, ਮੌਲ ਜਾਂ ਸਿਨੇਮਾ ਘਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਵਿਡ-19 ਕੰਟੇਨਮੈਂਟ ਜ਼ੋਨ ਛੱਡ ਕੇ ਦੁਕਾਨਾਂ ਨੂੰ ਔਡ-ਇਵਨ ਦੇ ਆਧਾਰ 'ਤੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਈ-ਕਾਮਰਸ ਕੰਪਨੀਆਂ ਨੂੰ ਕੰਟੰਨਮੈਂਟ ਜ਼ੋਨ ਛੱਡ ਕੇ ਹਰ ਥਾਂ ਗੈਰ-ਜ਼ਰੂਰੀ ਸਮਾਨ ਦੀ ਡਿਲੀਵਰੀ ਦੀ ਆਗਿਆ ਮਿਲ ਸਕਦੀ ਹੈ।
ਵੱਖ-ਵੱਖ ਸੂਬਿਆਂ ਦੀਆਂ ਮੰਗਾਂ:
ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਮਹਾਰਾਸ਼ਟਰ ਸੂਬਾ ਮੁੰਬਈ, ਉਸ ਦੇ ਆਸ ਪਾਸ ਦੇ ਇਲਾਕਿਆਂ ਅਤੇ ਪੁਣੇ 'ਚ ਬੰਦ ਦੇ ਸਖ਼ਤ ਉਪਾਅ ਚਾਹੁੰਦਾ ਹੈ। ਕਿਸੇ ਤਰ੍ਹਾਂ ਦੇ ਅੰਤਰਰਾਜੀ ਤੇ ਅੰਤਰ ਜ਼ਿਲ੍ਹਾ ਆਵਾਜਾਈ ਦੇ ਖ਼ਿਲਾਫ਼ ਹੈ।
ਛੱਤੀਸਗੜ੍ਹ ਵੀ ਸੂਬਿਆਂ ਦੀਆਂ ਸਰਹੱਦਾਂ ਖੋਲ੍ਹਣ ਦੇ ਖ਼ਿਲਾਫ਼ ਹੈ।
ਉੱਥੇ ਹੀ ਗੁਜਰਾਤ ਪ੍ਰਮਪੱਖ ਸ਼ਹਿਰੀ ਕੇਂਦਰਾਂ 'ਚ ਆਰਥਿਕ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਪੱਖ 'ਚ ਹਨ।
ਟੂਰਿਜ਼ਮ ਉਦਯੋਗ ਨੂੰ ਲੀਹ 'ਤੇ ਲਿਆਉਣ ਲਈ ਕੇਰਲ ਨੇ ਰੈਸਟੋਰੈਂਟ ਅਤੇ ਹੋਟਲਾਂ ਨੂੰ ਮੁੜ ਤੋਂ ਖੋਲ੍ਹਣ ਦਾ ਸੁਝਾਅ ਦਿੱਤਾ ਹੈ।
ਬਿਹਾਰ, ਝਾਰਖੰਡ ਤੇ ਓੜੀਸਾ 'ਚ ਹਾਲ ਹੀ 'ਚ ਪਰਵਾਸੀ ਮਜ਼ਦੂਰਾਂ ਦੀ ਵਾਪਸੀ ਤੋਂ ਬਾਅਦ ਕੋਵਿਡ-19 ਦੇ ਮਾਮਲਿਆਂ 'ਚ ਤੇਜ਼ੀ ਆਈ ਹੈ ਅਤੇ ਉਹ ਚਾਹੁੰਦੇ ਹਨ ਕਿ ਬੰਦ ਜਾਰੀ ਰਹੇ ਤੇ ਲੋਕਾਂ ਦੀ ਆਵਾਜਾਈ 'ਤੇ ਸਖ਼ਤੀ ਹੋਵੇ।
ਸਵਾਲ ਇਹ ਵੀ ਹੈ ਕਿ ਲੌਕਡਾਊਨ-4 ਕਿੰਨੇ ਦਿਨਾਂ ਲਈ ਲਾਗੂ ਰਹੇਗਾ?
ਪੰਜਾਬ, ਪੱਛਮੀ ਬੰਗਾਲ, ਮਹਾਰਾਸ਼ਟਰ, ਅਸਮ ਤੇ ਤੇਲੰਗਾਨਾ ਨੇ ਇਸ ਸਵਾਲ 'ਤੇ ਵੱਖ-ਵੱਖ ਸੁਝਾਅ ਦਿੱਤੇ ਹਨ। ਕੋਈ 31 ਮਈ ਤਕ ਲੌਕਡਾਊਨ ਵਧਾਉਣ ਦੀ ਮੰਗ ਕਰ ਰਿਹਾ ਹੈ ਤੇ ਕੋਈ 15 ਜੂਨ ਤਕ। ਹੁਣ ਆਖਰੀ ਫੈਸਲੇ ਲਈ ਕੇਂਦਰ ਸਰਕਾਰ ਗਹਿਰਾਈ ਨਾਲ ਸੋਚ ਵਿਚਾਰ ਕਰ ਰਹੀ ਹੈ ਜਿਸ ਦਾ ਐਲਾਨ ਜਲਦ ਹੋ ਜਾਵੇਗਾ।
ਇਹ ਵੀ ਪੜ੍ਹੋ: ਤਰਨਤਾਰਨ 'ਚ 81 ਸ਼ਰਧਾਲੂਆਂ ਨੇ ਜਿੱਤੀ ਕੋਰੋਨਾ ਖ਼ਿਲਾਫ਼ ਜੰਗ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ