ਸ਼੍ਰੀਨਗਰ: ਜੰਮੂ-ਕਸ਼ਮੀਰ ਦੀ ਰਾਜਧਾਨੀ ਵਿੱਚ ਸ੍ਰੀ ਮਹਾਰਾਜ ਹਰੀ ਸਿੰਘ ਹਸਪਤਾਲ ਵਿੱਚ ਫਾਇਰਿੰਗ ਕਰਕੇ ਪਾਕਿਸਤਾਨੀ ਅੱਤਵਾਦੀ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਘਟਨਾ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਜਦਕਿ ਦੋ ਪੁਲਿਸ ਮੁਲਾਜ਼ਮਾਂ ਦੀ ਹਾਲਤ ਕਾਫੀ ਗੰਭੀਰ ਹੈ। ਫਰਾਰ ਹੋਏ ਅੱਤਵਾਦੀ ਪਾਕਿਸਤਾਨ ਦਾ ਨਾਂ ਨਾਵੀਦ ਜੱਟ ਉਰਫ ਅਬੂ ਹੰਜ਼ਾਲਾ ਹੈ।
ਸ੍ਰੀਨਗਰ ਦੀ ਕੇਂਦਰੀ ਜੇਲ੍ਹ ਵਿੱਚੋਂ ਛੇ ਅੱਤਵਾਦੀਆਂ ਨੂੰ ਅੱਜ ਸਵੇਰੇ ਆਮ ਜਾਂਚ ਲਈ SMHS ਹਸਪਤਾਲ ਲਿਆਂਦਾ ਗਿਆ। ਇਸ ਤੋਂ ਬਾਅਦ ਅੱਤਵਾਦੀ ਨਾਵੀਦ ਨੇ ਨਾਲ ਚੱਲ ਰਹੇ ਪੁਲਿਸ ਮੁਲਾਜ਼ਮ ਦੀ ਬੰਦੂਕ ਨਾਲ ਅੰਨ੍ਹੇਵਾਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਾਇਰਿੰਗ ਦੀ ਆੜ ਵਿੱਚ ਉਹ ਉੱਥੋਂ ਫਰਾਰ ਹੋ ਗਿਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਸ਼ਕਰ-ਏ-ਤੌਇਬਾ ਦੇ ਅੱਤਵਾਦੀ ਨਾਵੀਦ ਨੂੰ 2014 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਡੀ.ਐਸ.ਪੀ. ਅਯੂਬ ਦੇ ਕਤਲ ਦਾ ਇਲਜ਼ਾਮ ਵੀ ਹੈ। ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਅੱਜ ਦੇ ਹਮਲੇ ਤੋਂ ਬਾਅਦ ਪੁਲਿਸ ਦੀ ਇੱਕ ਕਾਰਬਾਈਨ (ਬੰਦੂਕ) ਵੀ ਗੁੰਮ ਹੈ।
ਘਟਨਾ ਤੋਂ ਬਾਅਦ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਹਸਪਤਾਲ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਸ਼੍ਰੀਨਗਰ ਦੇ ਵੱਡੇ ਹਸਪਤਾਲਾਂ ਵਿੱਚੋਂ ਇੱਕ ਹੈ।