ਹਿਸਾਰ ਜ਼ਿਲ੍ਹੇ ਦੇ ਨਾਰਨੌਲ ਚ ਸਤਰੋਲ ਖਾਪ ਦੀ ਇਕ ਅਹਿਮ ਬੈਠਕ ਹੋਈ, ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ ਹੁਣ ਪਿੰਡ ਦਾ ਕਿਸਾਨ ਆਪਣੇ ਦੁੱਧ ਦੀ ਕੀਮਤ ਖ਼ੁਦ ਤੈਅ ਕਰੇਗਾ। ਪਹਿਲੀ ਮਾਰਚ ਤੋਂ ਕਿਸਾਨ ਡੇਅਰੀ ਤੇ ਦੁੱਧ ਕੇਂਦਰਾਂ ਨੂੰ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦੁੱਧ ਵੇਚਿਆ ਜਾਵੇਗਾ।


ਖਾਪ ਪੰਚਾਇਤ ਨੇ ਇਹ ਫੈਸਲਾ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲਾਗਾਤਾਰ ਵਧਾ ਰਹੀ ਹੈ, ਉਸ ਹਿਸਾਬ ਨਾਲ ਉਹ ਵੀ ਦੁੱਧ ਦਾ ਮੁੱਲ ਵਧਾਉਣਗੇ। ਕਿਸਾਨਾਂ ਨੇ ਸਰਕਾਰ ਦੀ ਕਰ ਪ੍ਰਣਾਲੀ ਦੇੇ ਤਰਜ਼ 'ਤੇ ਦੁੱਧ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ। ਪੰਚਾਇਤ ਨੇ ਗਰੀਬ ਆਦਮੀ ਜਾਂ ਆਪਸ ਵਿੱਚ ਦੁੱਧ ਦੇਣ ਉੱਪਰ ਅਜਿਹੀ ਕੋਈ ਪਾਬੰਦੀ ਨਹੀਂ ਲਾਈ ਹੈ।


ਸਤਰੋਲ ਖਾਪ ਦੇ ਪ੍ਰਧਾਨ ਰਾਮਨਿਵਾਸ ਲੋਹਾਨ ਅਤੇ ਬੁਲਾਰੇ ਫੂਲ ਕੁਮਾਰ ਨੇ ਦੱਸਿਆ ਕਿ ਇਹ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਕਰਦਿਆਂ ਨੂੰ ਤਿੰਨ ਮਹੀਨੇ ਹੋ ਗਏ ਹਨ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ। ਦੱਸਣਯੋਗ ਹੈ ਕਿ ਸਤਰੋਲ ਖਾਪ, ਵੱਡੀ ਖਾਪ ਹੈ ਅਤੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿੱਚ ਪਹਿਲਾਂ ਵੀ ਕਈ ਐਲਾਨ ਕਰ ਚੁੱਕੀ ਹੈ। ਜੇਕਰ ਇਹ ਫੈਸਲਾ ਵੀ ਸਖ਼ਤੀ ਨਾਲ ਲਾਗੂ ਹੋ ਜਾਂਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਹਿਸਾਰ ਤੇ ਆਲ਼ੇ-ਦੁਆਲ਼ੇ ਦੇ ਇਲਾਕੇ ਵਿੱਚ ਦੁੱਧ ਦੀ ਸਮੱਸਿਆ ਪੈਦਾ ਹੋ ਸਕਦੀ ਹੈ।