ਪਲਵਲ: ਹਰਿਆਣਾ ਵਿੱਚ ਇੱਕ ਵਾਰ ਫਿਰ ਹਿੰਸਕ ਭੀੜ ਨੇ ਇੱਕ ਕੁੱਟ-ਕੁੱਟ ਕੇ ਇੱਕ ਵਿਅਕਤੀ ਦਾ ਕਤਲ ਦਿੱਤਾ। ਵਾਰਦਾਤ ਦਿੱਲੀ ਤੋਂ 50 ਕਿੱਲੋਮੀਟਰ ਦੂਰ ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪਲਵਲ ਦੇ ਪਿੰਡ ਬਹਰੋਲਾ ਵਿੱਚ ਇੱਕ ਵਿਅਕਤੀ ਨੂੰ ਮੱਝ ਚੋਰੀ ਕਰਨ ਦੇ ਇਲਜ਼ਾਮ ਵਿੱਚ ਫੜਿਆ ਗਿਆ ਸੀ। ਇਸ ਦੇ ਬਾਅਦ ਪਿੰਡ ਵਾਲਿਆਂ ਨੇ ਉਸ ਦੇ ਹੱਥ-ਪੈਰ ਬੰਨ੍ਹ ਕੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਜਾਨ ਚਲੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਤਲਾਸ਼ ਜਾਰੀ ਹੈ।

ਮੌਕੇ ’ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਛਾਣ ਤੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਤਿੰਨ ਸਕੇ ਭਾਈਆਂ ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੌਬ ਲਿੰਚਿੰਗ ਦੇ ਮਾਮਲੇ ’ਚ ਹੋਈ ਗ੍ਰਿਫ਼ਤਾਰੀ ਦੇ ਬਾਅਦ ਪਿੰਡ ਦੇ ਲੋਕ ਪੁਲਿਸ ਥਾਣੇ ਪਹੁੰਚ ਗਏ ਤੇ ਉਲਟਾ ਪੁਲਿਸ ’ਤੇ ਹੀ ਪਸ਼ੂ ਦੀ ਚੋਰੀ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾ ਦਿੱਤਾ।