ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਕਾਲ ਡ੍ਰੋਪ ਦੇ ਇਲਜ਼ਾਮ ਉੱਤੇ ਟਰਾਈ ਨੇ ਅਹਿਮ ਕਦਮ ਚੁੱਕਿਆ ਹੈ। ਰਿਲਾਇੰਸ ਜੀਓ ਦੀ ਸ਼ਿਕਾਇਤ ਹੈ ਕਿ ਮੌਜੂਦਾ ਆਪਰੇਟਰ ਮੋਬਾਈਲ ਨੰਬਰ ਪੋਰਟਬਿਲਟੀ (ਐਮ.ਐਨ.ਪੀ.) ਦੀ ਆਗਿਆ ਨਹੀਂ ਦੇ ਰਹੇ। ਇਸ ਮੁੱਦੇ ਉੱਤੇ ਟਰਾਈ ਨੇ ਮੋਬਾਈਲ ਕੰਪਨੀਆਂ ਤੋਂ ਸਪਸ਼ਟੀਕਰਨ ਮੰਗਿਆ ਹੈ।
ਮੌਜੂਦਾ ਅਪਰੇਟਰ ਤੇ ਰਿਲਾਇੰਸ ਜੀਓ ਵਿਚਾਲੇ ਕਾਲ ਡ੍ਰੋਪ ਨੂੰ ਲੈ ਕੇ ਚੱਲ ਰਹੇ ਵਿਵਾਦ ਸਬੰਧੀ ਟਰਾਈ ਨੇ ਸਰਵਿਸ ਕੁਆਲਿਟੀ ਉਲੰਘਣਾ ਉੱਤੇ ਸਾਰੇ ਸਰਵਿਸ ਪ੍ਰੋਵਾਈਡਰਾਂ ਤੋਂ ਆਪਣੇ ਨੈੱਟਵਰਕ ਵਿੱਚ ਜਾਮ ਦੀ ਹਾਲਤ ਦਾ ਵੇਰਵਾ ਮੰਗਿਆ ਹੈ। ਟਰਾਈ ਦੇ ਚੇਅਰਮੈਨ ਆਰ.ਐਸ. ਸ਼ਰਮਾ ਨੇ ਆਖਿਆ ਹੈ ਕਿ ਉਨ੍ਹਾਂ ਸਾਰੇ ਓਪਰੇਟਰਾਂ ਤੋਂ ਕਾਲ ਦੌਰਾਨ ਜਾਮ ਦੀ ਹਾਲਤ ਦਾ ਵੇਰਵਾ ਮੰਗਿਆ ਹੈ।
ਸਾਰੀਆਂ ਕੰਪਨੀਆਂ ਨੂੰ 15 ਤੋਂ 19 ਸਤੰਬਰ ਦੇ ਵਿਚਾਲੇ ਦੇ ਵੇਰਵੇ ਦੇਣੇ ਹੋਣਗੇ ਜਿਸ ਵਿੱਚ ਦੱਸਣਾ ਹੋਵੇਗਾ ਕਿ ਉਨ੍ਹਾਂ ਦੀਆਂ ਕਿੰਨੀਆਂ ਕਾਲਾਂ ਡ੍ਰੋਪ ਹੋਈਆਂ ਹਨ। ਮੁਕੇਸ਼ ਅੰਬਾਨੀ ਦੀ ਅਗਵਾਈ ਕੰਪਨੀ ਰਿਲਾਇੰਸ ਜੀਓ ਨੇ ਮੌਜੂਦਾ ਭਾਰਤੀ ਕੰਪਨੀਆਂ ਏਅਰਟੈੱਲ, ਵੋਡਾਫੋਨ ਤੇ ਆਡੀਆ ਸੈਲੂਲਰ ਉੱਤੇ ਕਾਲ ਪੂਰਾ ਕਰਨ ਲਈ ਜ਼ਰੂਰਤ ਤੋਂ ਘੱਟ ਪੀ.ਓ.ਆਈ. ਉਪਲਬਧ ਕਰਵਾਉਣ ਦਾ ਇਲਜ਼ਾਮ ਲਾਇਆ ਹੈ। ਇਸ ਕਾਰਨ ਜੀਓ ਦੀ ਦੂਜੇ ਨੈੱਟਵਰਕ ਉੱਤੇ ਕੀਤੀਆਂ 80 ਫੀਸਦੀ ਕਾਲਾਂ ਫੇਲ੍ਹ ਹੋ ਰਹੀਆਂ ਹਨ।