ਪ੍ਰਧਾਨ ਮੰਤਰੀ ਮੋਦੀ ਦੀ ਬਦਲੇਗੀ ਰਿਹਾਇਸ਼
ਏਬੀਪੀ ਸਾਂਝਾ | 20 Sep 2016 06:21 PM (IST)
ਨਵੀਂ ਦਿੱਲੀ: 7 RCR ਮਾਰਗ ਸਥਿਤ ਪ੍ਰਧਾਨ ਮੰਤਰੀ ਰਿਹਾਇਸ਼ ਦਾ ਪਤਾ ਬਦਲ ਸਕਦਾ ਹੈ। ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਪਤਾ ਹੁਣ 'ਇਕਤਾਮ ਮਾਰਗ' ਹੋ ਸਕਦਾ ਹੈ। ਅਸਲ ਵਿੱਚ ਬੀਜੇਪੀ ਦਿੱਲੀ ਵਿੱਚ ਵੱਖ-ਵੱਖ ਸੜਕਾਂ ਦੀ ਨਾਮ ਬਦਲਣ ਦੀ ਮੁਹਿੰਮ ਵਿੱਚ ਲੱਗੀ ਹੋਈ ਹੈ। ਬੀਜੇਪੀ ਦੀ ਸਾਂਸਦ ਮੀਨਾਕਸ਼ੀ ਲੇਖੀ ਨੇ ਐਨਡੀਐਮਸੀ ਨੂੰ ਬਕਾਇਦਾ ਚਿੱਠੀ ਲਿਖ ਕੇ ਇਸ ਗੱਲ ਦੀ ਮੰਗ ਕੀਤੀ ਹੈ। ਨਾਮ ਬਦਲਣ ਦਾ ਅੰਤਮ ਫ਼ੈਸਲਾ ਐਨਡੀਐਮਸੀ ਦੀ ਬੈਠਕ ਵਿੱਚ ਲਿਆ ਜਾਵੇਗਾ ਜਿਸ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਮੀਨਾਕਸ਼ੀ ਲੇਖੀ ਨੇ ਨਾਮ ਬਦਲਣ ਪਿੱਛੇ ਤਰਕ ਦਿੱਤਾ ਹੈ ਕਿ ਪੰਡਤ ਦੀਨ ਦਿਆਲ ਉਪਧਾਇਆ ਦੀ ਜਨਮ ਸ਼ਤਾਬਦੀ ਇਸ ਸਾਲ ਪੂਰੇ ਦੇਸ਼ ਵਿੱਚ ਮਨਾਈ ਜਾ ਰਹੀ ਹੈ। ਇਸ ਕਰਕੇ ਏਕਾਂਤ ਦਰਸ਼ਨ ਨੂੰ ਲੋਕਾਂ ਵਿੱਚ ਪ੍ਰਚਲਿਤ ਕਰਨ ਲਈ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਰਿਹਾਇਸ਼ ਦੇ ਰੋਡ ਦਾ ਨਾਮ ਬਦਲਿਆ ਜਾਵੇ। ਬੀਜੇਪੀ ਸਾਂਸਦ ਦੀ ਦਲੀਲ ਹੈ ਕਿ ਰੈੱਡ ਕਾਰਸ ਮਾਰਗ ਪ੍ਰਧਾਨ ਮੰਤਰੀ ਦਾ ਸਰਕਾਰੀ ਆਵਾਸ ਹੈ ਪਰ ਇਹ ਨਾਮ ਭਾਰਤੀ ਸੰਸਕ੍ਰਿਤ ਦੇ ਹਿਸਾਬ ਨਾਲ ਮੇਲ ਨਹੀਂ ਖਾਂਦਾ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਕਈ ਮਾਰਗਾਂ ਦੇ ਨਾਮ ਬਦਲ ਦਿੱਤੇ ਗਏ ਹਨ। ਕਨਾਟ ਸਰਕਸ ਦਾ ਨਾਮ ਇੰਦਰਾ ਚੌਕ ਕੀਤਾ ਗਿਆ। ਇਸ ਤਰ੍ਹਾਂ ਕਨਾਟ ਪਲੇਸ ਦਾ ਨਾਮ ਬਦਲ ਕੇ ਰਾਜੀਵ ਚੌਕ ਰੱਖਿਆ ਗਿਆ ਹੈ।