ਚੰਡੀਗੜ੍ਹ: ਹਿਮਾਚਲ ਸਰਕਾਰ ਦੀ ਪਹਿਲੀ ਵਰ੍ਹੇਗੰਢ ਮੌਕੇ ਧਰਮਸ਼ਾਲਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਲਈ ਕਾਂਗਰਸ ਨੇ ਕਿਸਾਨਾਂ ਦੀ ਪਿੱਠ ’ਤੇ ਵਾਰ ਕੀਤਾ ਹੈ। ਮਸਲਨ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕਰਜ਼ ਮੁਆਫ਼ੀ ਦੇ ਵਾਅਦੇ ਕੀਤੇ ਗਏ ਪਰ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ। ਕਰਨਾਟਕ ਵਿੱਚ ਵੀ ਸਿਰਫ਼ ਕੁਝ ਸੌ ਕਿਸਾਨਾਂ ਦਾ ਹੀ ਕਰਜ਼ਾ ਮੁਆਫ਼ ਕੀਤਾ ਗਿਆ।
ਇਸ ਮੌਕੇ ਜੈਰਾਮ ਠਾਕੁਰ ਦੇ ਇੱਕ ਸਾਲ ਦੇ ਕਾਰਜਕਾਲ ਦੀ ਤਾਰੀਫ਼ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਇੱਕ ਸਾਲ ਵਿੱਚ ਸਰਕਾਰ ਨੂੰ ਪਿੰਡ-ਪਿੰਡ ਤੇ ਘਰ-ਘਰ ਤਕ ਪਹੁੰਚਾਇਆ ਹੈ। ਪੁਰਾਣੀ ਕਹਾਵਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ‘ਪਹਾੜ ਦਾ ਪਾਣੀ ਤੇ ਪਹਾੜ ਦੀ ਜਵਾਨੀ ਕਦੀ ਕਿਸੇ ਦੇ ਕੰਮ ਨਹੀਂ ਆਉਂਦੀ, ਪਹਾੜ ਦਾ ਪਾਣੀ ਵਹਿ ਕੇ ਚਲਾ ਜਾਂਦਾ ਹੈ ਤੇ ਪਹਾੜ ਦੀ ਜਵਾਨੀ, ਯਾਨੀ ਲੋਕ ਰੋਜ਼ੀ-ਰੋਟੀ ਲਈ ਚਲੇ ਜਾਂਦੇ ਹਨ ਪਰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਨੂੰ ਗ਼ਲਤ ਸਾਬਤ ਕਰ ਕੇ ਵਿਖਾਇਆ ਹੈ।’
ਇਸ ਮੌਕੇ ਮੋਦੀ ਨੇ ਦਾਅਵਾ ਕੀਤਾ ਕਿ ਜਦੋਂ ਕੇਂਦਰ ਵਿੱਚ ਯੂਪੀਏ ਦੀ ਸਰਕਾਰ ਸੀ ਤਾਂ ਹਿਮਾਚਲ ਨੂੰ 21 ਹਜ਼ਾਰ ਕਰੋੜ ਮਿਲਦਾ ਸੀ ਪਰ ਅੱਜ ਕੇਂਦਰ ਤੋਂ ਹਿਮਾਚਲ ਨੂੰ 72 ਹਜ਼ਾਰ ਕਰੋੜ ਮਿਲ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਜੈਰਾਮ ਸਰਕਾਰ ਇਸ ਰਕਮ ਦਾ ਪੂਰਾ ਇਸਤੇਮਾਲ ਕਰੇਗੀ। ਇਸ ਮੌਕੇ ਜੈਰਾਮ ਠਾਕੁਰ ਨੇ ਵੀ ਕੇਂਦਰ ਸਰਕਾਰ ਨੂੰ 9500 ਕਰੋੜ ਰੁਪਏ ਦੀ ਸਹਾਇਤਾ ਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਏਡੀਬੀ ਤੋਂ 1900 ਕਰੋੜ ਦੀ ਰਕਮ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਜਤਾਇਆ ਕਿ ਲੋਕ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਬੀਜੇਪੀ ਦੀ ਹੀ ਜਿੱਤ ਹੋਏਗੀ।