ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਚਾਰ ਸਾਲ ਪੂਰੇ ਹੋ ਗਏ ਹਨ। ਇਸ ਦੌਰਾਨ ਮੋਦੀ ਦੇ ਮੰਤਰੀਆਂ ਨੇ ਵੱਡੇ-ਵੱਡੇ ਕੰਮਾਂ ਦੇ ਦਾਅਵੇ ਕੀਤੇ ਹਨ। 'ਏਬੀਪੀ ਨਿਊਜ਼' ਨੇ ਕੇਂਦਰ ਸਰਕਾਰ ਤੇ ਇਸ ਦੇ ਮੰਤਰੀਆਂ ਦਾ ਰਿਪੋਰਟ ਕਾਰਡ ਤਿਆਰ ਕੀਤਾ ਹੈ। ਆਓ ਤੁਸੀਂ ਵੀ ਵੇਖੋ ਮੰਤਰੀਆਂ ਦੀ ਕਾਰਗੁਜ਼ਾਰੀ।

 

ਅੱਵਲ ਤੇ ਫਾਡੀ ਮੰਤਰੀ

ਰਿਪੋਰਟ ਕਾਰਡ ਵਿੱਚ ਅੱਵਲ ਨੰਬਰ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ ਹੈ। ਗਡਕਰੀ ਨੂੰ 10 ਵਿੱਚੋਂ 7.14 ਨੰਬਰ ਮਿਲੇ ਹਨ। ਜਦਕਿ ਮੋਦੀ ਕੈਬਨਿਟ ਦੀ ਪੀਣਯੋਗ ਪਾਣੀ ਮੰਤਰਾਲਾ ਦਾ ਜ਼ਿੰਮਾ ਸੰਭਾਲ ਰਹੀ ਉਮਾ ਭਾਰਤੀ ਦਾ ਰਿਪੋਰਟ ਕਾਰਡ ਸਭ ਤੋਂ ਮਾੜਾ ਹੈ। ਉਮਾ ਨੂੰ 10 ਵਿੱਚੋਂ ਸਿਰਫ 3.27 ਨੰਬਰ ਮਿਲੇ ਹਨ।



ਚੰਗਾ ਕੰਮ ਕਰਨ ਵਾਲੇ ਮੰਤਰੀ

ਜੇਕਰ ਮੋਦੀ ਕੈਬਨਿਟ ਦੇ ਪੰਜ ਸਭ ਤੋਂ ਚੰਗੇ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਨਿਤਿਨ ਗਡਕਰੀ ਤੋਂ ਇਲਾਵਾ ਦੂਜੇ ਨੰਬਰ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ (5.95 ਨੰਬਰ) ਹਨ। ਤੀਜੇ ਨੰਬਰ 'ਤੇ ਟਵਿੱਟਰ ਉਤੇ ਮਸ਼ਹੂਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ (5.84 ਨੰਬਰ) ਦਾ ਨਾਂ ਆਉਂਦਾ ਹੈ। ਚੌਥੇ ਨੰਬਰ ਉਤੇ ਪੈਟ੍ਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ (5.52 ਨੰਬਰ) ਦਾ ਨਾਂ ਆਉਂਦਾ ਹੈ ਤੇ ਪੰਜਵੇਂ 'ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ (5.44 ਨੰਬਰ) ਦਾ ਨਾਂ ਆਇਆ ਹੈ।

ਜਿਨ੍ਹਾਂ ਡੱਕਾ ਤੋੜ ਨਾ ਕੀਤਾ ਦੂਹਰਾ

ਉਮਾ ਭਾਰਤੀ ਤੋਂ ਇਲਾਵਾ ਇਸ ਪਾਸੇ ਵੀ ਚਾਰ ਮੰਤਰੀ ਆਏ ਹਨ। ਆਪਣੇ ਬਿਆਨਾਂ ਕਰਕੇ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਗਿਰੀਰਾਜ ਸਿੰਘ (3.39 ਨੰਬਰ) ਆਪਣੇ ਪ੍ਰਦਰਸ਼ਨ ਕਾਰਨ ਖ਼ਰਾਬ ਮੰਤਰੀਆਂ ਵਾਲੀ ਸੂਚੀ ਵਿੱਚ ਦੂਜੇ ਨੰਬਰ ਉਤੇ ਹਨ। ਇਸ ਸੂਚੀ ਵਿੱਚ ਤੀਜੇ ਸਥਾਨ 'ਤੇ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ (3.87 ਨੰਬਰ) ਦਾ ਹੈ। ਕੇਂਦਰੀ ਸੈਰ-ਸਪਾਟਾ ਮੰਤਰੀ ਅਲਫ਼ੋਂਸ ਕੰਨਥਾਨਮ ਨੂੰ ਏਬੀਪੀ ਦੇ ਰਿਪੋਰਟ ਕਾਰਡ ਵਿੱਚ 10 ਵਿੱਚੋਂ 3.94 ਨੰਬਰ ਦਿੱਤੇ ਗਏ ਹਨ। ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰਾਲਾ ਦੇ ਮੁਖੀ ਸੰਤੋਸ਼ ਗੰਗਵਾਰ ਖ਼ਰਾਬ ਪ੍ਰਦਰਸ਼ਨ ਕਰਨ ਵਾਲਿਆਂ ਵਿੱਚੋਂ ਬਿਹਤਰ ਹਨ ਤੇ ਉਨ੍ਹਾਂ ਨੂੰ 10 ਵਿੱਚੋਂ ਚਾਰ ਨੰਬਰ ਦਿੱਤੇ ਗਏ ਹਨ।



ਮੋਦੀ ਦੇ ਅੱਖਾਂ ਦੇ ਤਾਰਿਆਂ ਦਾ ਕੀ ਹੈ ਹਾਲ

ਸਭ ਤੋਂ ਪਹਿਲਾਂ ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ (5.35 ਨੰਬਰ) ਅੱਵਲ ਆਏ ਹਨ। ਅਗਲਾ ਸਥਾਨ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਰਾਜਵਰਧਨ ਸਿੰਘ ਰਾਠੌਰ (5.32 ਨੰਬਰ) ਦਾ ਹੈ। ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ (5.26 ਨੰਬਰ) ਤੀਜੇ ਸਥਾਨ 'ਤੇ ਹਨ। ਚੌਥੇ ਪਾਏਦਾਨ 'ਤੇ ਰੇਲ ਮੰਤਰੀ ਪਿਊਸ਼ ਗੋਇਲ (5.21 ਨੰਬਰ) ਹਨ। ਉਹ ਵਿੱਤ ਮੰਤਰੀ ਦੀ ਅਰੁਣ ਜੇਤਲੀ ਦੇ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਉਨ੍ਹਾਂ ਦੇ ਵਿਭਾਗ ਦਾ ਕੰਮ ਕਾਜ ਵੀ ਦੇਖ ਰਹੇ ਹਨ। ਜੇਤਲੀ ਨੇ ਮੋਦੀ ਸਰਕਾਰ ਦੇ ਮਹੱਤਵਪੂਰਨ ਮੰਤਰੀਆਂ ਦੀ ਸੂਚੀ ਵਿੱਚ ਅਰੁਣ ਜੇਤਲੀ ਦਾ ਸਥਾਨ ਵੀ ਆਇਆ ਹੈ। ਜੇਤਲੀ ਨੂੰ 10 ਵਿੱਚੋਂ 5.10 ਨੰਬਰ ਮਿਲੇ ਹਨ।



ਕਿਵੇਂ ਤਿਆਰ ਹੋਇਆ ਰਿਪੋਰਟ ਕਾਰਡ ?

ਮੋਦੀ ਕੈਬਨਿਟ ਦਾ ਇਹ ਰਿਪੋਰਟ ਕਾਰਡ ਦੇਸ਼ ਦੇ 50 ਸੀਨੀਅਰ ਪੱਤਰਕਾਰਾਂ ਨੇ ਰਲ਼ ਕੇ ਤਿਆਰ ਕੀਤਾ ਹੈ। ਇਨ੍ਹਾਂ ਪੱਤਰਕਾਰਾਂ ਦੀ ਟੀਮ ਨੇ ਹਰ ਮੰਤਰੀ ਦੇ ਕੰਮਕਾਜ ਨੂੰ ਦੇਖਦੇ ਹੋਏ ਨੰਬਰ ਦਿੱਤੇ ਹਨ। ਇਸ ਟੀਮ ਨੇ ਮੰਤਰੀਆਂ ਨੂੰ 10 ਦੇ ਪੈਮਾਨੇ ਉਨ੍ਹਾਂ ਦੇ ਪ੍ਰਦਰਸ਼ਨ ਦੇ ਹਿਸਾਬ ਨਾਲ ਅੰਕ ਦਿੱਤੇ ਗਏ ਹਨ। ਯਾਨੀ ਰਿਪੋਰਟ ਕਾਰਡ ਵਿੱਚ ਜਿਸ ਮੰਤਰੀ ਦੇ ਨੰਬਰ ਜ਼ਿਆਦਾ ਹਨ, ਉਹ ਪਾਸ ਹੈ, ਜਿਸ ਦੇ ਘੱਟ ਹਨ, ਉਹ ਹੈ ਫੇਲ੍ਹ।