ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੇ ਦਿੱਲੀ ਸਮੇਤ ਦੇਸ਼ ਵਿੱਚ ਗਰਮੀ ਕਾਫੀ ਵਧ ਗਈ ਹੈ। ਜਿੱਥੇ ਭਾਰਤ ਦੇ 17 ਸੂਬਿਆਂ ਵਿੱਚ ਪਾਰਾ 40 ਡਿਗਰੀ ਦੇ ਨਿਸ਼ਾਨ ਨੂੰ ਪਾਰ ਕਰ ਗਿਆ, ਉੱਥੇ ਹੀ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਚੱਲ ਰਹੀ ਲੂ ਕਾਰਨ ਪਿਛਲੇ ਤਿੰਨ ਦਿਨਾਂ ਵਿੱਚ 65 ਲੋਕਾਂ ਦੀ ਮੌਤ ਹੋ ਗਈ ਹੈ।
ਹੈਰਾਨੀ ਦੀ ਗੱਲ ਰਾਜਸਥਾਨ ਦਾ ਬੂੰਦੀ ਸ਼ਹਿਰ ਭਾਰਤ ਦਾ ਹੀ ਨਹੀਂ, ਬਲਕਿ ਦੁਨੀਆ ਦਾ ਸਭ ਤੋਂ ਗਰਮ ਸਥਾਨ ਰਿਹਾ। ਬੂੰਦੀ ਵਿੱਚ ਮੰਗਲਵਾਰ ਨੂੰ ਪਾਰਾ 48 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ ਤੇ ਮਿਸਰ ਦੇ ਸ਼ਹਿਰ ਬਾਹਰਿਆ ਦਾ ਵੀ ਇੰਨਾ ਤਾਪਮਾਨ ਦਰਜ ਕੀਤਾ ਗਿਆ।
ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ ਤਾਪਮਾਨ 43 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ, ਜੋ ਆਮ ਨਾਲੋ ਚਾਰ ਦਰਜੇ ਵੱਧ ਸੀ। ਪਟਿਆਲਾ ਵਿੱਚ ਵੀ ਪਾਰਾ 44 ਡਿਗਰੀ ਤੋਂ ਪਾਰ ਪਹੁੰਚ ਗਿਆ।
ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਆਉਣ ਵਾਲੇ ਕੁਝ ਦਿਨ ਮਾਹੌਲ ਠੀਕ ਨਹੀਂ ਰਹਿਣ ਵਾਲਾ। ਮੌਸਮ ਵਿਭਾਗ ਮੁਤਾਬਕ ਮਈ-ਜੂਨ ਵਿੱਚ ਬਾਰਸ਼ ਚੰਗੀ ਰਹਿਣ ਦੇ ਆਸਾਰ ਮੱਧਮ ਹਨ। ਮਾਹਰਾਂ ਦਾ ਮੰਨਣਾ ਹੈ ਕਿ ਮਾਨਸੂਨ ਵਿੱਚ ਵੀ ਦੇਰੀ ਹੋ ਸਕਦੀ ਹੈ।
ਕਿਸਾਨਾਂ ਲਈ ਖਤਰੇ ਦੀ ਘੰਟੀ!
ਸੂਬੇ ਵਿੱਚ ਇਸ ਸਮੇਂ ਝੋਨਾ ਬੀਜਣ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਕਿਸਾਨਾਂ ਨੇ ਕਣਕ ਦੀ ਫ਼ਸਲ ਦਾ ਨਿਬੇੜਾ ਕਰਨ ਤੋਂ ਬਾਅਦ ਚੌਲ਼ਾਂ ਲਈ ਪਨੀਰੀ ਵੀ ਬੀਜਣ ਵਿੱਚ ਰੁੱਝੇ ਹੋਏ ਹਨ ਪਰ ਮੌਜੂਦਾ ਮੌਸਮ ਤੇ ਭਵਿੱਖਬਾਣੀ ਕਿਸਾਨਾਂ ਦੇ ਪੱਖ ਵਿੱਚ ਨਹੀਂ। ਜੇਕਰ ਅਜਿਹੇ ਹਾਲਾਤ ਬਰਕਰਾਰ ਰਹਿੰਦੇ ਹਨ ਤਾਂ ਜ਼ਾਹਰ ਤੌਰ 'ਤੇ ਟਿਊਬਵੈੱਲਾਂ ਬੋਝ ਜ਼ਿਆਦਾ ਪਵੇਗਾ।