ਇਸਲਾਮਾਬਾਦ: ਭਾਵੇਂ ਪਾਕਿਸਤਾਨ ਅੱਤਵਾਦ ਦੇ ਮਾਮਲੇ ਵਿੱਚ ਦੁਨੀਆ ਭਰ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ ਹੈ ਪਰ ਹਾਲ਼ੇ ਵੀ ਉਹ ਸੈਨਿਕ ਧਮਕੀਆਂ ਦੇਣ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨੀ ਫੌਜ ਦੇ ਸੀਨੀਅਰ ਕਮਾਂਡਰ ਨੇ ਕਿਹਾ ਹੈ ਕਿ ਪਾਕਿਸਤਾਨ 12 ਦਿਨ ਦੇ ਅੰਦਰ-ਅੰਦਰ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ।

ਪਾਕਿਸਤਾਨੀ ਫੌਜ ਦੇ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਚੇਅਰਮੈਨ ਜ਼ੁਬੇਰ ਮਹਿਮੂਦ ਨੇ ਕਿਹਾ ਕਿ ਜੇ ਇਜ਼ਰਾਈਲ ਪਾਕਿਸਤਾਨ ਦੀ ਧਰਤੀ ’ਤੇ ਹਮਲੇ ਦੀ ਕੋਸ਼ਿਸ ਕਰਦਾ ਹੈ ਤਾਂ ਉਹ 12 ਮਿੰਟ ਤੋਂ ਵੀ ਘੱਟ ਸਮੇਂ ਅੰਦਰ ਯਹੂਦੀਆਂ ਦੇ ਸ਼ਾਸਨ ਨੂੰ ਉਖਾੜ ਦੇਣਗੇ।

ਫਲਸਤੀਨ ਦੇ ਸਮਰਥਨ ’ਤੇ ਉਨ੍ਹਾਂ ਕਿਹਾ ਕਿ ਉਹ ਇਸ ਗੱਲ ’ਤੇ ਸਹਿਮਤ ਨਹੀਂ ਹਨ ਕਿ ਯਹੂਦੀ ਪਾਕਿਸਤਾਨ ਦੇ ਦੁਸ਼ਮਣ ਹਨ। ਨਫ਼ਰਤ ਨਾਲ ਸਿਰਫ ਨਫਰਤ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਮੰਨਦਾ ਹੈ ਕਿ ਸਾਰੇ ਫਲਸਤੀਨੀ ਅੱਤਵਾਦੀ ਹਨ ਤੇ ਉਹ ਇਸਲਾਮਿਕ ਕੱਟੜਪੰਥੀਆਂ ਤੇ ਅੱਤਵਾਦੀ ਹਮਲਿਆਂ ਤੋਂ ਆਪਣੇ ਨਾਗਰਿਕਾਂ ਦੀ ਰੱਖਿਆ ਕਰ ਰਿਹਾ ਹੈ। ਹਕੀਕਤ ਬਿਲਕੁਲ ਵੱਖਰੀ ਹੈ।

ਪਾਕਿਸਤਾਨ ਦੇ ਖ਼ਬਰ ਚੈਨਲ ਏਡਬਲਿਊਡੀ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਜਨਰਲ ਹਿਆਤ ਨੇ ਕਿਹਾ ਕਿ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਹੈ ਤਾਂ ਪਾਕਿਸਤਾਨ ਦੇ ਵੱਕਾਰ ’ਤੇ ਵੀ ਦਾਗ ਲੱਗਦੇ ਹਨ। ਇਜ਼ਰਾਈਲ ਨਾਲ ਸਬੰਧ ਸੁਧਾਰਨ ਨਾਲ ਕੁਝ ਨਹੀਂ ਹੋਏਗਾ। ਪਾਕਿਸਤਾਨ ਦੇ ਵੱਕਾਰ ਨੂੰ ਬਾਹਰ ਤੋਂ ਸੁਧਾਰਨ ਦੀ ਲੋੜ ਹੈ ਤੇ ਇਸ ਲਈ ਅੰਦਰੂਨੀ ਬਦਲਾਅ ’ਤੇ ਧਿਆਨ ਦੇਣਾ ਪਵੇਗਾ।