ਨਵੀਂ ਦਿੱਲੀ: ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਖ਼ਾਲਿਸਤਾਨੀ ਵੱਲੋਂ ਦਹਿਸ਼ਤ ਫੈਲਾਉਣ ਲਈ 18 ਕਾਰਵਾਈਆਂ ਨੂੰ ਰੋਕਿਆ ਹੈ ਤੇ 95 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ। ਸਰਕਾਰ ਨੇ ਇਹ ਜਾਣਕਾਰੀ ਬੁੱਧਵਾਰ ਨੂੰ ਰਾਜ ਸਭਾ ਵਿੱਚ ਸਾਂਝੀ ਕੀਤੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਗ੍ਰਨੇਡ ਹਮਲੇ ਤੇ ਹੋਰ ਤਾਜ਼ਾ ਘਟਨਾਵਾਂ ਦੌਰਾਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਨਾਂ ਕਾਫੀ ਉੱਭਰਿਆ ਹੈ। ਬੀਤੇ ਸਾਲ 18 ਨਵੰਬਰ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਨੇ ਨਿਰੰਕਾਰੀ ਸਤਿਸੰਗ ਭਵਨ 'ਤੇ ਗ੍ਰਨੇਡ ਸੁੱਟ ਕੇ ਤਿੰਨ ਲੋਕਾਂ ਨੂੰ ਮਾਰ ਦਿੱਤਾ ਸੀ ਤੇ 20 ਨੂੰ ਜ਼ਖ਼ਮੀ ਕਰ ਦਿੱਤਾ ਸੀ। ਉਨ੍ਹਾਂ ਲਿਖਤੀ ਜਵਾਬ ਵਿੱਚ ਦੱਸਿਆ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਕੁੱਲ 18 ਖ਼ਾਲਿਸਤਾਨੀ ਦਹਿਸ਼ਤੀ ਯੋਜਨਾਵਾਂ ਨੂੰ ਨਕਾਰਾ ਕੀਤਾ ਹੈ ਤੇ ਇਨ੍ਹਾਂ ਵਿੱਚ ਸ਼ਾਮਲ 95 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਧਮਾਕੇ ਵਿੱਚ ਸ਼ਾਮਲ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਵਿਦੇਸ਼ਾਂ ਵਿੱਚ ਵੱਸਦੇ ਤਿੰਨ ਜਣਿਆਂ ਦੀ ਸ਼ਨਾਖ਼ਤ ਵੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਹੀ ਹਫ਼ਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਬੈਨ ਕਰ ਦਿੱਤਾ ਹੈ।