ਨਵੀਂ ਦਿੱਲੀ: ਬੁੱਧਵਾਰ ਨੂੰ ਲੋਕ ਸਭਾ ਵਿੱਚ ਰਾਫੇਲ ਡੀਲ ’ਤੇ ਚਰਚਾ ਕੀਤੀ ਗਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਹਿਲੀ ਜਨਵਰੀ ਨੂੰ ਦਿੱਤੀ ਇੰਟਰਵਿਊ ਪਹਿਲਾਂ ਤੋਂ ਹੀ ਤੈਅ ਕੀਤੀ ਗਈ ਸੀ। ਇਸ ਵਿੱਚ ਪੀਐਮ ਨੇ ਰਾਫੇਲ ਡੀਲ ਨਾਲ ਸਬੰਧਤ ਕਈ ਅਹਿਮ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਪੀਐਮ ਅੱਜ ਵੀ ਲੋਕ ਸਭਾ ਵਿੱਚ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਪੀਐਮ ਵਿੱਚ ਉਨ੍ਹਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ। ਉਹ ਆਪਣੇ ਕਮਰੇ ਵਿੱਚ ਲੁਕ ਕੇ ਬੈਠੇ ਹਨ।
ਇਸ ਚਰਚਾ ਦੌਰਾਨ ਰਾਹੁਲ ਗੋਆ ਦੇ ਮੰਤਰੀ ਦੀ ਕਥਿਤ ਆਡੀਓ ਕਲਿੱਪ ਵੀ ਸੁਣਾਉਣਾ ਚਾਹੁੰਦੇ ਸੀ ਪਰ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਰਾਹੁਲ ਨੂੰ ਆਡੀਓ ਦੇ ਪ੍ਰਮਾਣੀਕਰਨ ਦੀ ਪੁਸ਼ਟੀ ਕਰਨ ਬਾਰੇ ਕਿਹਾ। ਇਸ ਆਡੀਓ ਕਲਿੱਪ ਵਿੱਚ ਬੈਠਕ ਬਾਰੇ ਜ਼ਿਕਰ ਕੀਤਾ ਹੋਇਆ ਸੀ ਜਿਸ ਵਿੱਚ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਘਰ ਰਾਫਾਲ ਡੀਲ ਨਾਲ ਸਬੰਧਤ ਫਾਈਲਾਂ ਮੌਜੂਦ ਹਨ। ਸਪੀਕਰ ਦੀ ਮਨਜ਼ੂਰੀ ਨਾ ਮਿਲਣ ਪਿੱਛੋਂ ਰਾਹੁਲ ਨੇ ਟੇਪ ਸੁਣਾਉਣੋਂ ਮਨ੍ਹਾ ਕਰ ਦਿੱਤਾ।
ਰਾਹੁਲ ਨੇ ਸਵਾਲ ਚੁੱਕਿਆ ਕਿ ਪੀਐਮ ਨੇ ਡੇਢ ਘੰਟੇ ਦੀ ਇੰਟਰਵਿਊ ਵਿੱਚ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ ਪਰ ਉਨ੍ਹਾਂ ਕੋਲੋਂ ਰਾਫਾਲ ’ਤੇ ਕੋਈ ਸਵਾਲ ਨਹੀਂ ਪੁੱਛਿਆ ਗਿਆ। ਨਾ ਹੀ ਉਨ੍ਹਾਂ ’ਤੇ ਕੋਈ ਇਲਜ਼ਾਮ ਲਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸਾਰਾ ਦੇਸ਼ ਸਿੱਧਾ ਮੋਦੀ ਕੋਲੋਂ ਸਵਾਲ ਪੁੱਛ ਰਿਹਾ ਹੈ ਤਾਂ ਇੰਟਰਵਿਊ ਵਿੱਚ ਮੋਦੀ ਨੇ ਰਾਫਾਲ ਦੇ ਸਵਾਲ ਦਾ ਜਵਾਬ ਕਿਉਂ ਨਹੀਂ ਦਿੱਤਾ? ਰਾਹੁਲ ਨੇ ਰਾਫਾਲ ਦੀ ਪ੍ਰਕਿਰਿਆ, ਉਸ ਦੀ ਕੀਮਤ ਤੇ ਇਸ ਸੌਦੇ ਵਿੱਚ ਲੱਗੇ ਪੈਸੇ ਬਾਰੇ ਤਿੰਨ ਸਵਾਲ ਕੀਤੇ।