ਮੁੰਬਈ: ਕੀ ਮੋਦੀ ਸਰਕਾਰ ਦੇਸ਼ ਨੂੰ ਚਲਾਉਣ ਲਈ ‘ਤਾਲਿਬਾਨੀ’ ਢੰਗ ਅਪਣਾ ਰਹੀ ਹੈ। ਇਹ ਸਾਵਲ ਸ਼ਿਵ ਸੈਨਾ ਨੇ ਉਠਾਇਆ ਹੈ। ਸ਼ਿਵ ਸੈਨਾ ਲੀਡਰ ਸੰਜੈ ਰਾਊਤ ਨੇ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਜੇਐਨਯੂ ’ਚ ਜਾਣ ਕਾਰਨ ਉਸ ਦਾ ਜਾਂ ਉਸ ਦੀ ਫ਼ਿਲਮ ’ਛਪਾਕ’ ਦਾ ਬਾਈਕਾਟ ਕਰਨਾ ਗਲਤ ਹੈ। ਅਦਾਕਾਰਾ ਨੂੰ ਬੀਜੇਪੀ ਲੀਡਰਾਂ ਵੱਲੋਂ ਆਲੋਚਨਾ ਝੱਲਣੀ ਪੈ ਰਹੀ ਹੈ ਤੇ ਕੁਝ ਹੋਰ ਧੜੇ ਵੀ ਵਿਦਿਆਰਥੀਆਂ ਦੇ ਰੋਸ ਵਿੱਚ ਸ਼ਾਮਲ ਹੋਣ ਲਈ ਅਦਾਕਾਰਾ ਦਾ ਵਿਰੋਧ ਕਰ ਰਹੇ ਹਨ।

ਰਾਜ ਸਭਾ ਮੈਂਬਰ ਰਾਊਤ ਜੋ ਸ਼ਿਵ ਸੈਨਾ ਦੀ ਅਖ਼ਬਾਰ ‘ਸਾਮਨਾ’ ਦੇ ਸੰਪਾਦਕ ਵੀ ਹਨ, ਨੇ ਕਿਹਾ ਕਿ ਮੁਲਕ ਨੂੰ ‘ਤਾਲਿਬਾਨੀ’ ਢੰਗ ਨਾਲ ਨਹੀਂ ਚਲਾਇਆ ਜਾ ਸਕਦਾ। ਜੇਐਨਯੂ ਵਿੱਚ ਹਿੰਸਾ ਤੋਂ ਬਾਅਦ ਮੰਗਲਵਾਰ ਦੀਪਿਕਾ ਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੇ ਰੋਸ ਵਿੱਚ ਸ਼ਾਮਲ ਹੋਣ ਮਗਰੋਂ ਕਈ ਉਸ ਵੱਲੋਂ ਪ੍ਰਗਟਾਈ ‘ਸ਼ਾਂਤ ਇਕਜੁੱਟਤਾ’ ਦਾ ਸਮਰਥਨ ਕਰ ਰਹੇ ਹਨ ਜਦਕਿ ਕਈ ਧਿਰਾਂ ਇਸ ਨੂੰ ਫ਼ਿਲਮ ‘ਛਪਾਕ’ ਦੀ ਮਸ਼ਹੂਰੀ ਲਈ ਕੀਤੀ ਗਤੀਵਿਧੀ ਦੱਸ ਰਹੀਆਂ ਹਨ।

‘ਖੱਬੇ ਪੱਖੀਆਂ ਦਾ ਸਮਰਥਨ’ ਕਰਨ ਲਈ ਉਸ ਦਾ ਵਿਰੋਧ ਵੀ ਹੋ ਰਿਹਾ ਹੈ। ਤੇਜ਼ਾਬੀ ਹਮਲੇ ਦੀ ਪੀੜਤਾ ’ਤੇ ਅਧਾਰਤ ਉਸ ਦੀ ਫ਼ਿਲਮ ਦੇ ਬਾਈਕਾਟ ਦੀ ਆਵਾਜ਼ ਵੀ ਉੱਠੀ ਹੈ। ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਤ ਫ਼ਿਲਮ ਨੂੰ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਨੇ ਟੈਕਸ ਤੋਂ ਛੋਟ ਦਿੱਤੀ ਹੈ।