ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚੋਂ ਇੱਕ ਤਸਵੀਰ ਹੈ ਜਿਸ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡਾਕਟਰਾਂ ਨਾਲ ਗੱਲ ਕਰਦੇ ਮੁਸਕਰਾ ਰਹੇ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਏਮਜ਼ ਹਸਪਤਾਲ ਦੇ ਅੰਦਰ ਦੀ ਹੈ ਤੇ ਮੋਦੀ ਦੇ ਚਿਹਰੇ 'ਤੇ ਫੈਲੀ ਮੁਸਕੁਰਾਹਟ ਸਾਬਕਾ ਪ੍ਰਧਾਨ ਮੰਤਰੀ ਅਟਲ ਦੀ ਮੌਤ ਤੋਂ ਬਾਅਦ ਦੀ ਹੈ। ਦਾਅਵੇ ਮੁਤਾਬਕ ਜਦੋਂ ਪੂਰਾ ਦੇਸ਼ ਅਟਲ ਦੀ ਮੌਤ 'ਤੇ ਸੋਗ ਜਤਾ ਰਿਹਾ ਸੀ ਤਾਂ ਉਸ ਸਮੇਂ ਮੌਜੂਦਾ ਪ੍ਰਧਾਨ ਮੰਤਰੀ ਦੇ ਚਿਹਰੇ 'ਤੇ ਕੋਈ ਸੋਗ ਨਹੀਂ ਨਜ਼ਰ ਆ ਰਿਹਾ ਸੀ।
'ਏਬੀਪੀ ਨਿਊਜ਼' ਦੀ ਵਾਇਰਲ ਸੱਚ ਟੀਮ ਨੇ ਤਸਵੀਰ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮੋਦੀ ਦੀ ਇਹ ਤਸਵੀਰ ਏਮਜ਼ ਹਸਪਤਾਲ ਦੇ ਅੰਦਰ ਦੀ ਹੀ ਹੈ। ਤਸਵੀਰ ਨੂੰ ਸਾਡੇ ਕੋਲ ਮੌਜੂਦ ਵੀਡੀਓ ਨਾਲ ਮਿਲਾਇਆ ਤਾਂ ਮੋਦੀ ਦੇ ਕੱਪੜੇ ਹੂ-ਬ-ਹੂ ਮਿਲ ਰਹੇ ਹਨ। ਤਸਵੀਰ ਤੇ ਵੀਡੀਓ 'ਚ ਮੌਜੂਦ ਕੁਝ ਕਿਰਦਾਰ ਵੀ ਮਿਲ ਰਹੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਪ੍ਰਧਾਨ ਮੰਤਰੀ ਮੋਦੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਤੋਂ ਬਾਅਦ ਮੁਸਕੁਰਾ ਰਹੇ ਹਨ।
ਅਸੀਂ ਪ੍ਰਧਾਨ ਮੰਤਰੀ ਦੇ ਸਰਵ ਭਾਰਤੀ ਆਯੁਰਵਿਗਿਆਨ ਸੰਸਥਾਨ ਆਉਣ ਤੇ ਜਾਣ ਦੇ ਵਕਤ ਬਾਰੇ ਪਤਾ ਕੀਤਾ ਤਾਂ ਇਸ ਦਾਅਵੇ ਨੂੰ ਝੂਠਾ ਸਾਬਤ ਕਰਨ ਵਾਲਾ ਸੱਚ ਸਾਹਮਣੇ ਆ ਗਿਆ। ਦਰਅਸਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ 16 ਅਗਸਤ, 2018 ਨੂੰ ਅਟਲ ਬਿਹਾਰੀ ਵਾਜਪਾਈ ਨਾਲ ਮਿਲ ਕੇ ਦੁਪਹਿਰ 2 ਵੱਜ ਕੇ 45 ਮਿੰਟ ਤੇ ਏਮਜ਼ ਤੋਂ ਬਾਹਰ ਨਿਕਲੇ ਸੀ ਜਦਕਿ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਦਾ ਐਲਾਨ ਸ਼ਾਮ 5 ਵੱਜ ਕੇ 5 ਮਿੰਟ ਤੇ ਹੋਇਆ ਸੀ। ਇਸ ਤਰ੍ਹਾਂ ਅਟਲ ਦੇ ਦੇਹਾਂਤ ਤੋਂ ਬਾਅਦ ਮੋਦੀ ਦੇ ਹੱਸਣ ਦਾ ਦਾਅਵਾ ਝੂਠਾ ਹੈ।