ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਦੇ ਸਾਢੇ ਗਿਆਰਾਂ ਹਜ਼ਾਰ ਕਰੋੜ ਦੇ ਘੋਟਾਲੇ 'ਤੇ ਪਹਿਲੀ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੁੱਝ ਕਿਹਾ ਹੈ। ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਗਲੋਬਲ ਬਿਜ਼ਨੈਸ ਸਮਿਟ ਵਿੱਚ ਕਿਹਾ ਕਿ ਆਰਥਿਕ ਧਾਂਦਲੀਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਸਰਕਾਰ ਇਸ 'ਤੇ ਸਖ਼ਤ ਐਕਸ਼ਨ ਲਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿੱਤੀ ਘੋਟਾਲੇ 'ਤੇ ਸਰਕਾਰ ਦੀ ਪਾਲਿਸੀ ਜ਼ੀਰੋ ਟੌਲਰੇਂਸ ਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ- ਮੈਂ ਸਾਫ ਕਰਨਾ ਚਾਹੁੰਦਾ ਹਾਂ ਕਿ ਇਹ ਸਰਕਾਰ ਆਰਥਿਕ ਮੁੱਦਿਆਂ ਨਾਲ ਜੁੜੀਆਂ ਗੜਬੜਾਂ ਖਿਲਾਫ ਸਖਤ ਐਕਸ਼ਨ ਲੈ ਰਹੀ ਹੈ ਅਤੇ ਅੱਗੋਂ ਵੀ ਲੈਂਦੀ ਰਹੇਗੀ। ਲੋਕਾਂ ਦੇ ਪੈਸੇ ਦਾ ਗ਼ਲਤ ਇਸਤੇਮਾਲ ਸਿਸਟਮ ਨੂੰ ਮਨਜ਼ੂਰ ਨਹੀਂ ਹੈ।
ਮੋਦੀ ਨੇ ਕਿਹਾ- ਮੈਂ ਇੱਕ ਅਪੀਲ ਇਹ ਵੀ ਕਰਨਾ ਚਾਹੁੰਦਾ ਹਾਂ ਕਿ ਵਿੱਤੀ ਅਦਾਰਿਆਂ ਵਿੱਚ ਕਾਨੂੰਨ ਅਤੇ ਨੀਅਤ ਬਰਕਰਾਰ ਰੱਖਣ ਦੀ ਜ਼ੁੰਮੇਵਾਰੀ ਜਿਨ੍ਹਾਂ ਨੂੰ ਦਿੱਤੀ ਗਈ ਹੈ ਉਹ ਚੰਗੀ ਤਰਾਂ ਨਿਭਾਉਣ।
ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੀ.ਐਨ.ਬੀ. ਵਿੱਚ 11,400 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਵਿੱਚ ਫਸਿਆ ਹੈ। ਅਰਬਪਤੀ ਕਾਰੋਬਾਰੀ ਨੀਰਵ ਮੋਦੀ ਇਸ ਮਾਮਲੇ ਦੇ ਮੁੱਖ ਅਰੋਪੀ ਹਨ। ਕਈ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਨਾ ਤਾਂ ਨੀਰਵ ਮੋਦੀ ਦਾ ਨਾਂਅ ਲਿਆ ਅਤੇ ਨਾ ਹੀ ਪੰਜਾਬ ਨੈਸ਼ਨਲ ਬੈਂਕ ਦਾ। ਘੋਟਾਲੇ 'ਤੇ ਪ੍ਰਧਾਨ ਮੰਤਰੀ ਦੀ ਚੁੱਪੀ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸਵਾਲ ਚੁੱਕ ਰਹੀ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਮੋਦੀ ਦੀ ਚੁੱਪੀ 'ਤੇ ਸਵਾਲ ਚੁੱਕ ਰਹੇ ਸਨ।