ਨਵੀਂ ਦਿੱਲੀ: ਨੀਰਵ ਮੋਦੀ, ਮੇਹੁਲ ਚੌਕਸੀ ਤੇ ਵਿਕਰਮ ਕੋਠਾਰੀ ਦੇ ਬੈਂਕ ਘੁਟਾਲਿਆਂ ਦਰਮਿਆਨ ਇੱਕ ਹੋਰ ਘਪਲਾ ਸਾਹਮਣੇ ਆਇਆ ਹੈ। ਦਿੱਲੀ ਵਿੱਚ ਦਵਾਰਕਾ ਦਾਸ ਸਾਠ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟੇਡ 'ਤੇ ਓਰੀਐਂਟਲ ਬੈਂਕ ਆਫ ਕਾਮਰਸ ਨੂੰ 390 ਕਰੋੜ ਦਾ ਖੋਰਾ ਲਾਉਣ ਦਾ ਇਲਜ਼ਾਮ ਹੈ। ਕੇਂਦਰੀ ਜਾਂਚ ਬਿਊਰੋ ਦੇ ਸੂਤਰਾਂ ਮੁਤਾਬਕ ਇਸ ਕੰਪਨੀ ਦੇ ਨਿਰਦੇਸ਼ਕ ਦੁਬਈ ਵਿੱਚ ਹਨ।
ਸੀ.ਬੀ.ਆਈ. ਨੇ ਇਸ ਮਾਮਲੇ ਵਿੱਚ ਦਿੱਲੀ ਦੇ ਹੀਰਾ ਕਾਰੋਬਾਰੀ ਕੰਪਨੀ ਦੇ ਨਿਰਦੇਸ਼ਕਾਂ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਕੇਸ ਦਵਾਰਕਾ ਦਾਸ ਸੇਠ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟੇਡ ਨਾਂਅ ਦੀ ਕੰਪਨੀ ਦੇ ਨਿਰਦੇਸ਼ਕ ਸੱਭਿਆ ਸੇਠ, ਰੀਤਾ ਸੇਠ, ਕ੍ਰਿਸ਼ਣ ਕੁਮਾਰ ਸਿੰਘ, ਰਵੀ ਸਿੰਘ ਵਿਰੁੱਧ ਕੀਤਾ ਗਿਆ ਹੈ, ਜੋ ਹੀਰੇ ਦੇ ਕਾਰੋਬਾਰੀ ਹਨ।
ਸਾਲ 2007 ਤੋਂ 2012 ਦਰਮਿਆਨ ਕੰਪਨੀ ਨੇ ਓ.ਬੀ.ਸੀ. ਤੋਂ ਕਈ ਵਾਰੀਆਂ ਵਿੱਚ 389 ਕਰੋੜ ਰੁਪਏ ਦਾ ਕਰਜ਼ ਲਿਆ ਸੀ। ਬੈਂਕ ਨੇ ਇਸ ਕੰਪਨੀ ਨੂੰ ਵੀ ਲੈਟਰ ਆਫ ਅੰਡਰਟੇਕਿੰਗ ਯਾਨੀ ਐਲ.ਓ.ਯੂ. ਰਾਹੀਂ ਕਰਜ਼ ਦਿੱਤਾ ਸੀ। ਪਰ ਕਈ ਸਾਲ ਇਹ ਕਰਜ਼ਾ ਚੁਕਾਇਆ ਨਹੀਂ ਗਿਆ। ਬੈਂਕ ਨੇ ਛੇ ਮਹੀਨੇ ਪਹਿਲਾਂ ਸੀ.ਬੀ.ਆਈ. ਨੂੰ ਸ਼ਿਕਾਇਤ ਦਿੱਤੀ ਤੇ ਕੇਸ ਦਰਜ ਕਰਵਾਇਆ।
ਉੱਧਰ ਕਾਂਗਰਸ ਨੇ ਇਸ 390 ਕਰੋੜ ਦੇ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇੱਕ ਨਵਾਂ ਘਪਲੇਬਾਜ਼ ਭੱਜ ਗਿਆ ਹੈ। ਹਾਲਾਂਕਿ, ਜਦੋਂ ਸੇਠ ਕੰਪਨੀ ਨੇ ਕਰਜ਼ਾ ਲਿਆ ਸੀ ਤਾਂ ਉਦੋਂ ਯੂ.ਪੀ.ਏ. ਦੀ ਸਰਕਾਰ ਸੀ।
ਹਾਲਾਂਕਿ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਢੇ ਗਿਆਰਾਂ ਹਜ਼ਾਰ ਕਰੋੜ ਦੇ ਘਪਲੇ 'ਤੇ ਆਪਣੀ ਚੁੱਪੀ ਤੋੜਦਿਆਂ ਕਿਹਾ ਹੈ ਕਿ ਆਰਥਕ ਬੇਨਿਯਮੀਆਂ 'ਤੇ ਸਰਕਾਰ ਸਖ਼ਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਬਿਨਾ ਕਿਸੇ ਘੁਟਾਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।