ਨਵੀਂ ਦਿੱਲੀ: ਏਮਜ਼ ਵਿੱਚ ਭਰਤੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਹਾਲ ਜਾਣਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਨਾਲ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਪਹੁੰਚੇ। ਵਾਜਪੇਈ ਨੂੰ AIIMS ਵਿੱਚ ਰੁਟੀਨ ਚੈਕਅੱਪ ਲਈ ਭਰਤੀ ਕੀਤਾ ਗਿਆ ਹੈ। ਵਾਜਪੇਈ ਡਾਕਟਰਾਂ ਦੀ ਸਲਾਹ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਆਪਣੀ ਡਾਕਟਰੀ ਜਾਂਚ ਲਈ ਜਾ ਰਹੇ ਹਨ।


 

ਇਨ੍ਹਾਂ ਤੋਂ ਇਲਾਵਾ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ, ਕੇਂਦਰੀ ਮੰਤਰੀ ਵਿਜੇ ਗੋਇਲ ਤੇ ਮੁਖ਼ਤਾਰ ਅੱਬਾਸ ਨਕਵੀ ਵੀ ਸਾਬਕਾ ਪ੍ਰਧਾਨ ਮੰਤਰੀ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਸਨ। ਵਾਜਪੇਈ ਦਾ ਹਾਲ ਜਾਣਨ ਲਈ ਪਹੁੰਚੇ ਇਨ੍ਹਾਂ ਦਿੱਗਜ ਨੇਤਾਵਾਂ ਕਾਰਨ ਏਮਜ਼ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਏਬੀਪੀ ਨਿਊਜ਼ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਸਿਰਫ਼ ਰੁਟੀਨ ਚੈਕਅੱਪ ਹੈ। ਪਹਿਲਾਂ ਜਾਣਕਾਰੀ ਆਈ ਸੀ ਕਿ ਵਾਜਪੇਈ ਨੂੰ ਅੱਜ ਰਾਤ 8 ਵਜੇਂ ਉਨ੍ਹਾਂ ਨੂੰ ਛੁੱਟੀ ਮਿਲ ਸਕਦੀ ਹੈ ਪਰ ਤਾਜ਼ਾ ਜਾਣਕਾਰੀ ਮੁਤਾਬਕ ਡਾਕਟਰ ਸਾਬਕਾ ਪ੍ਰਧਾਨ ਮੰਤਰੀ ਨੂੰ ਅਗਲੇ ਦੋ ਦਿਨ ਤਕ ਏਮਜ਼ ਵਿੱਚ ਰੱਖ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬੀਤੇ ਸੱਤ ਸਾਲਾਂ ਤੋਂ ਸਮਾਂਬੱਧ ਤਰੀਕੇ ਨਾਲ ਵਾਜਪੇਈ ਦਾ ਚੈਕਅੱਪ ਏਮਜ਼ ਵਿੱਚ ਕੀਤਾ ਜਾ ਰਿਹਾ ਹੈ।

ਸਾਬਕਾ ਪ੍ਰਧਾਨ ਮੰਤਰੀ ਸਾਲ 2009 ਤੋਂ ਤੰਦਰੁਸਤ ਨਹੀਂ ਹਨ ਤੇ ਉਨ੍ਹਾਂ ਨੂੰ ਚੱਲਣ ਫਿਰਨ ਲਈ ਵ੍ਹੀਲਚੇਅਰ ਦੀ ਵਰਤੋਂ ਕਰਨੀ ਪੈਂਦੀ ਹੈ। ਬਜ਼ੁਰਗ ਨੇਤਾ ਡਿਮੇਂਸ਼ਿਆ ਯਾਨੀ ਭੁੱਲਣ ਦੀ ਬਿਮਾਰੀ ਤੋਂ ਪੀੜਤ ਹਨ।