ਨਵੀਂ ਦਿੱਲੀ: ਜਾਤ ਆਧਾਰਤ ਰਾਖਵਾਂਕਰਨ ਨਹੀਂ ਬਲਕਿ ਪੈਸੇ ਦੀ ਵਧਦੀ ਵਰਤੋਂ ਸਦਕਾ ਮੈਡੀਕਲ ਖੇਤਰ ਵਿੱਚ ਗੁਣਵੱਤਾ ਦਾ ਪੱਧਰ ਡਿੱਗ ਰਿਹਾ ਹੈ। ਦੇਸ਼ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਮੈਡੀਕਲ ਸੰਸਥਾਵਾਂ ਵਿੱਚ ਨੀਟ (NEET) ਪ੍ਰੀਖਿਆ ਦੇ ਅੰਕਾਂ ਦੇ ਆਧਾਰ 'ਤੇ ਦਾਖ਼ਲਾ ਹੁੰਦਾ ਹੈ।


 

'ਦ ਟਾਈਮਜ਼ ਆਫ਼ ਇੰਡੀਆ' ਦੀ ਖ਼ਬਰ ਮੁਤਾਬਕ ਸਰਕਾਰੀ ਕਾਲਜਾਂ ਮੁਕਾਬਲੇ ਪ੍ਰਾਈਵੇਟ ਸੰਸਥਾਵਾਂ ਦੇ ਵਿਦਿਆਰਥੀਆ ਦਾ ਨੀਟ ਸਕੋਰ ਕਾਫੀ ਘੱਟ ਹੈ। ਸਰਕਾਰੀ ਕਾਲਜਾਂ ਵਿੱਚ ਕੁੱਲ 39,000 ਸੀਟਾਂ ਹਨ ਤਾਂ ਉੱਥੇ ਹੀ ਪ੍ਰਾਈਵੇਟ ਸੰਸਥਾਵਾਂ ਵਿੱਚ 17,000 ਤੋਂ ਜ਼ਿਆਦਾ ਸੀਟਾਂ ਹਨ। ਪ੍ਰਾਈਵੇਟ ਸੰਸਥਾਵਾਂ ਵਿੱਚ ਪ੍ਰਬੰਧਕੀ ਤੇ ਐਨਆਰਆਈ ਕੋਟੇ ਦੀਆਂ ਸੀਟਾਂ ਲੈਣ ਲਈ ਮੋਟੀ ਰਕਮ ਦੇਣੀ ਪੈਂਦੀ ਹੈ। ਰਿਪੋਰਟ ਦੱਸਦੀ ਹੈ ਕਿ ਇਨ੍ਹਾਂ ਕੋਟਿਆਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦਾ ਨੀਟ ਸਕੋਰ ਕਾਫੀ ਘੱਟ ਹੁੰਦਾ ਹੈ। ਇਨ੍ਹਾਂ ਦੀ ਪੜ੍ਹਾਈ ਫੀਸ ਸਰਕਾਰੀ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਜ਼ਾਹਿਰ ਹੈ ਕਿ ਇਸ ਸ਼੍ਰੇਣੀ ਵਿੱਚ ਸਿਰਫ਼ ਪੈਸੇ ਵਾਲੇ ਹੀ ਦਾਖ਼ਲਾ ਲੈ ਸਕਦੇ ਹਨ।

ਸਰਕਾਰੀ ਕਾਲਜਾਂ ਦੇ SC ਵਿਦਿਆਰਥੀਆਂ ਦਾ ਨੀਟ ਸਕੋਰ ਪ੍ਰਾਈਵੇਟ ਮੁਕਾਬਲੇ ਜ਼ਿਆਦਾ

'ਦ ਟਾਈਮਜ਼ ਆਫ਼ ਇੰਡੀਆ' ਨੇ ਪਿਛਲੇ ਸਾਲ 409 ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਲੈਣ ਵਾਲੇ ਤਕਰੀਬਨ 57,000 ਵਿਦਿਆਰਥੀਆਂ ਦੀ ਜਾਣਕਾਰੀ ਲੈ ਕੇ ਦੱਸਿਆ ਸੀ ਕਿ ਸਰਕਾਰੀ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦਾ ਔਸਤਨ ਨੀਟ ਸਕੋਰ 720 ਵਿੱਚੋਂ 448 ਸੀ। ਜਦਕਿ ਪ੍ਰਾਈਵੇਟ ਸੰਸਥਾਵਾਂ ਦੇ ਵਿਦਿਆਰਥੀਆਂ ਦਾ ਔਸਤ ਨੀਟ ਸਕੋਰ ਸਿਰਫ 306 ਹੀ ਰਿਹਾ।

ਆਮ ਤੌਰ 'ਤੇ ਇਹ ਸਵਾਲ ਉੱਠਦਾ ਹੈ ਕਿ ਕਿ ਐਸਸੀ ਤੇ ਐਸਟੀ ਸ਼੍ਰੇਣੀ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦਾ ਸਕੋਰ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਮੈਡੀਕਲ ਸਿੱਖਿਆ ਦਾ ਪੱਧਰ ਘਟ ਗਿਆ ਹੈ। ਅਖ਼ਬਾਰ ਦੀ ਰਿਪੋਰਟ ਮੁਤਾਬਕ ਮੈਡੀਕਲ ਖੇਤਰ ਦੀ ਗੁਣਵੱਤਾ ਦੇ ਡਿੱਗਣ ਬਾਰੇ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰਦੀ ਹੈ। ਰਿਪੋਰਟ ਮੁਤਾਬਕ ਪਿਛਲੇ ਸਾਲ ਐਸਸੀ ਕੋਟੇ ਤਹਿਤ ਸਰਕਾਰੀ ਕੋਟੇ ਵਿੱਚ ਦਾਖ਼ਲਾ ਲੈਣ ਵਾਲੇ ਮੈਡੀਕਲ ਵਿਦਿਆਰਥੀਆਂ ਦਾ ਔਸਤ ਨੀਟ ਸਕੋਰ 398 ਸੀ, ਜੋ ਮੋਟਾ ਪੈਸਾ ਦੇਣ ਵਾਲੇ ਵਿਦਿਆਰਥੀਆਂ ਦੇ ਨੀਟ ਸਕੋਰ (306) ਨਾਲੋਂ ਕਾਫੀ ਵੱਧ ਹੈ।

NRI ਕੋਟੇ ਦੀ ਸਾਲਾਨਾ ਔਸਤਨ ਫ਼ੀਸ 19 ਲੱਖ
ਇਸ ਨਾਲ ਇਹ ਗੱਲ ਸਾਫ਼ ਹੋ ਗਈ ਹੈ ਕਿ ਪੈਸੇ ਦੇ ਦਮ 'ਤੇ ਘੱਟ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਮੈਡੀਕਲ ਖੇਤਰ ਵਿੱਚ ਦਾਖ਼ਲੇ ਲੈ ਰਹੇ ਹਨ। ਪ੍ਰਾਈਵੇਟ ਸੰਸਥਾਵਾਂ ਵਿੱਚ ਐਨਆਰਆਈ ਕੋਟੇ ਦੇ ਵਿਦਿਆਰਥੀ ਦਾ ਨੀਟ ਸਕੋਰ ਸਭ ਤੋਂ ਘੱਟ ਹੈ ਤੇ ਇਨ੍ਹਾਂ ਦੀ ਫ਼ੀਸ ਵੀ ਸਭ ਤੋਂ ਵੱਧ ਹੈ। ਰਿਪੋਰਟ ਮੁਤਾਬਕ ਪਿਛਲੇ ਸਾਲ ਐਨਆਰਆਈ ਕੋਟੇ ਦੇ ਵਿਦਿਆਰਥੀਆਂ ਦਾ ਔਸਤ ਨੀਟ ਸਕੋਰ 720 ਵਿੱਚੋਂ ਸਿਰਫ਼ 221 ਅੰਕ ਸੀ ਤੇ ਇਨ੍ਹਾਂ ਦੀ ਔਸਤਨ ਸਾਲਾਨਾ ਫ਼ੀਸ 19 ਲੱਖ ਰੁਪਏ ਸੀ। ਉੱਥੇ ਹੀ ਮੈਨੇਜਮੈਂਟ ਕੋਟੇ ਵਾਲੇ ਵਿਦਿਆਰਥੀਆਂ ਦਾ ਔਸਤਨ ਨੀਟ ਸਕੋਰ 315 ਅੰਕ ਸੀ ਤੇ ਇਨ੍ਹਾਂ ਵਿਦਿਆਰਥੀਆਂ ਨੇ ਔਸਤਨ 13 ਲੱਖ ਰੁਪਏ ਅਦਾ ਕੀਤੀ ਸੀ।

ਸਰਕਾਰੀ ਮੈਡੀਕਲ ਅਦਾਰਿਆਂ ਦੇ ਅੰਕੜੇ

ਦੂਜੇ ਪਾਸੇ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਦਾ ਔਸਤਨ ਨੀਟ ਸਕੋਰ 487 ਅੰਕ ਰਿਹਾ ਤੇ ਇਨ੍ਹਾਂ ਦੀ ਔਸਤਨ ਸਾਲਾਨਾ ਫ਼ੀਸ 50 ਹਜ਼ਾਰ ਰੁਪਏ ਤੋਂ ਵੀ ਘੱਟ ਸੀ। ਹਾਲਾਂਕਿ, ਸਰਕਾਰੀ ਕਾਲਜਾਂ ਵਿੱਚ ਵੀ ਜ਼ਿਆਦਾ ਫੀਸ ਦੇ ਕੇ ਦਾਖ਼ਲਾ ਲਿਆ ਜਾਂਦਾ ਹੈ ਤੇ ਇਸ ਸ਼੍ਰੇਣੀ ਵਿੱਚ ਨੀਟ ਸਕੋਰ 372.5 ਰਿਹਾ।

ਇਹ ਅੰਕੜੇ ਸਾਫ਼ ਕਰਦੇ ਹਨ ਕਿ ਮੈਡੀਕਲ ਸਿੱਖਿਆ ਦੀ ਗੁਣਵੱਤਾ ਵਿੱਚ ਕਮੀ ਲਈ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਕੋਟੇ ਵਾਲੇ ਵਿਦਿਆਰਥੀਆਂ ਕਰਕੇ ਨਹੀਂ ਸਗੋਂ ਮੋਟੇ ਪੈਸੇ ਬਦਲੇ ਹਾਸਲ ਕੀਤੀਆਂ ਸੀਟਾਂ ਕਾਰਨ ਆ ਰਿਹਾ ਹੈ। ਐਸਸੀ/ਐਸਟੀ ਵਿਦਿਆਰਥੀਆਂ ਦਾ ਔਸਤ ਨੀਟ ਸਕੋਰ ਮੋਟੇ ਪੈਸੇ ਦੇ ਕੇ ਸੀਟਾਂ ਲੈਣ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।