ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪ੍ਰਵੇਸ਼ ਦੁਆਰ ਵੀ ਸੋਨੇ ਨਾਲ ਚਮਕਣਗੇ। ਇਨ੍ਹਾਂ ਨੂੰ 40 ਕਿੱਲੋ ਸੋਨੇ ਦੇ ਪੱਤਰਿਆਂ ਨਾਲ ਸਜਾਇਆ ਜਾਏਗਾ। ਇਸ ਤਹਿਤ ਘੰਟਾ ਘਰ ਵਾਲੇ ਪਾਸੇ ਮੇਨ ਗੇਟ ਦੀ ਦਰਸ਼ਨੀ ਡਿਓਡੀ ਦੇ ਗੁੰਬਦਾਂ ’ਤੇ ਪੱਤਰੇ ਚੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੱਤਰੇ ਲਾਉਣ ਦੀ ਕਾਰ ਸੇਵਾ ਦੀ ਜ਼ਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਨੂੰ ਸੌਂਪਿਆ ਹੈ।



ਅਗਲੇ ਸਾਲ ਵਿਸਾਖੀ ਨੂੰ ਮੁਕੰਮਲ ਹੋਏਗੀ ਸੇਵਾ


 

ਬਾਬਾ ਭੂਰੀ ਵਾਲੇ ਦੇ ਬੁਲਾਰੇ ਰਾਮ ਸਿੰਘ ਨੇ ਦੱਸਿਆ ਕਿ ਮੁੱਖ ਦੁਆਰਾਂ ਦੇ ਚਾਰੋਂ ਗੁੰਬਦਾਂ ਤੋਂ ਇਲਾਵਾ 4 ਛੋਟੇ ਗੁੰਬਦ, 50 ਛੋਟੀਆਂ ਗੁੰਬਦੀਆਂ ਤੇ 2 ਪਾਲਕੀਆਂ ਵੀ ਹਨ। ਇਨ੍ਹਾਂ ਸਾਰਿਆਂ ’ਤੇ ਸੋਨਾ ਸਾਉਣ ਦਾ ਕੰਮ ਅਗਲੇ ਸਾਲ ਵਿਸਾਖੀ ਤਕ ਪੂਰਾ ਹੋ ਜਾਏਗਾ। ਇਸ ਕੰਮ ’ਤੇ 40 ਕਿੱਲੋ ਤੋਂ ਵੱਧ ਸੋਨਾ ਲੱਗੇਗਾ। ਬਾਬਾ ਭੂਰੀ ਵਾਲੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਡੀ ਦੇ ਇਤਿਹਾਸਿਕ ਦਰਵਾਜਿਆਂ ਦਾ ਸੇਵਾ ਵੀ ਕਰਵਾ ਰਹੇ ਹਨ।



ਸੋਨੇ ਦੀ ਚਮਕ ਬਰਕਰਾਰ ਰੱਖਣ ਲਈ ਚੜ੍ਹਾਈਆਂ 22 ਪਰਤਾਂ


 

16 ਗਜ ਤਾਂਬੇ ਦੇ ਪੱਤਰਿਆਂ ’ਤੇ ਪਾਰੇ ਦੀ ਮਦਦ ਨਾਲ ਸੋਨੇ ਦੀਆਂ 22 ਪਰਤਾਂ ਚੜ੍ਹਾਈਆਂ ਗਈਆਂ ਹਨ। ਸਮੇਂ ਦੇ ਨਾਲ-ਨਾਲ ਧੁੱਪ ਤੇ ਮੀਂਹ ਕਾਰਨ ਸੋਨੇ ਦੀ ਚਮਕ ਖ਼ਰਾਬ ਨਾ ਹੋਏ, ਇਸ ਲਈ ਇੰਨੀਆਂ ਪਰਤਾਂ ਚੜ੍ਹਾਈਆਂ ਗਈਆਂ ਹਨ।



ਸੰਗਤ ਦੇ ਦਾਨ ਨਾਲ ਹੋਏਗੀ ਸੋਨੇ ਦੀ ਸੇਵਾ


 

ਸੋਨੇ ਦੀ ਸੇਵਾ ਕਾਰ ਸੇਵਾ ਨਾਲ ਕੀਤੀ ਜਾਏਗੀ। ਸੰਗਤ ਦੇ ਚੜ੍ਹਾਵੇ ਤੋਂ ਹੀ ਮਾਇਆ ਇਕੱਠੀ ਕੀਤੀ ਜੀਂਦੀ ਹੈ। ਸੰਗਤ ਆਪਣੀ ਸ਼ਰਧਾ ਮੁਤਾਬਕ ਪੈਸੇ ਜਾਂ ਸੋਨੇ ਦੀ ਸੇਵਾ ਕਰਦੀ ਹੈ ਤੇ ਇੱਥੋਂ ਹੀ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ।