ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਅੱਜ ਆਪਣਾ ਦੂਜਾ ਸਭ ਤੋਂ ਛੋਟਾ ਭਾਸ਼ਣ ਦਿੱਤਾ। ਅੱਜ 72ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਮੋਦੀ ਨੇ ਐਲਾਨ ਕੀਤਾ ਕਿ ਸਾਲ 2022 ਤਕ ਭਾਰਤੀ ਨੌਜਵਾਨ ਨੂੰ ਪੁਲਾੜ ਵਿੱਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਮੋਦੀ ਨੇ ਆਯੁਸ਼ਮਾਨ ਯੋਜਨਾ ਨੂੰ ਲਾਗੂ ਕਰਨ ਦੇ ਦਿਨ ਦਾ ਐਲਾਨ ਵੀ ਕੀਤਾ। ਇਸ ਮੌਕੇ ਮੋਦੀ ਨੇ ਕਿਸਾਨਾਂ ਦੀ ਆਮਦਨ ਡੇਢ ਗੁਣਾ ਕਰਨ ਦੇ ਦਾਅਵੇ ਤੋਂ ਲੈਕੇ ਗ਼ਰੀਬਾਂ ਨੂੰ ਬਿਜਲੀ ਤੇ ਰਸੋਈ ਗੈਸ ਬਾਰੇ ਰੱਜ ਕੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ।
ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿਗਿਆਨੀਆਂ ਨੇ 100 ਉਪਗ੍ਰਹਿ ਇਕੱਠੇ ਲਾਂਚ ਕਰ ਕੇ ਦੁਨੀਆ ਨੂੰ ਆਪਣੀ ਤਾਕਤ ਦਿਖਾਈ। ਉਨ੍ਹਾਂ ਕਿਹਾ ਕਿ ਅੱਜ ਮੈਂ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਵਾਸੀਆਂ ਨੂੰ ਇੱਕ ਖ਼ੁਸ਼ਖ਼ਬਰੀ ਸੁਣਾਉਣਾ ਚਾਹੁੰਦਾ ਹਾਂ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਦੇਸ਼ ਦੀ ਇੱਕ ਧੀ ਜਾਂ ਪੁੱਤਰ, ਹੱਥ ਵਿੱਚ ਤਿਰੰਗਾ ਫੜ ਕੇ ਪੁਲਾੜ ਵਿੱਚ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਸੈਂਕੜੇ ਸੈਟੇਲਾਈਟ ਪੁਲਾੜ ਵਿੱਚ ਸਫ਼ਲਤਾ ਪੂਰਬਕ ਸਥਾਪਤ ਕਰਨ ਤੋਂ ਬਾਅਦ ਮੰਗਲਯਾਨ ਦੇ ਰੂਪ ਵਿੱਚ ਇਸ ਖੇਤਰ ਅੰਦਰ ਵੱਡਾ ਮਾਅਰਕਾ ਮਾਰਿਆ ਸੀ। ਪਰ ਹਾਲੇ ਤਕ ਭਾਰਤ ਨੇ ਕਿਸੇ ਇਨਸਾਨ ਨੂੰ ਪੁਲਾੜ ਵਿੱਚ ਨਹੀਂ ਭੇਜਿਆ ਹੈ। ਹਾਲਾਂਕਿ, ਭਾਰਤੀ ਮੂਲ ਦੇ ਵਿਗਿਆਨੀ ਪੁਲਾੜ ਵਿੱਚ ਜਾ ਚੁੱਕੇ ਹਨ।
ਮੋਦੀ ਨੇ ਅੱਜ ਸਰਕਾਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਆਯੁਸ਼ਮਾਨ ਯੋਜਨਾ ਬਾਰੇ ਵੀ ਐਲਾਨ ਕਰ ਦਿੱਤਾ। ਹਾਲਾਂਕਿ, ਆਸ ਸੀ ਕਿ ਇਹ ਯੋਜਨਾ ਆਜ਼ਾਦੀ ਦਿਹਾੜੇ ਤੋਂ ਸ਼ੁਰੂ ਕੀਤੀ ਜਾਂਦੀ ਪਰ ਮੋਦੀ ਨੇ ਇਸ ਨੂੰ 25 ਸਤੰਬਰ ਤੋਂ ਲਾਗੂ ਕੀਤੇ ਜਾਣ ਦਾ ਐਲਾਨ ਕੀਤਾ ਹੈ। ਨਰੇਂਦਰ ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਐਲਾਨ ਕੀਤਾ ਕਿ ਆਯੁਸ਼ਮਾਨ ਯੋਜਨਾ ਤਹਿਤ 10 ਕਰੋੜ ਗ਼ਰੀਬ ਪਰਿਵਾਰਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ 'ਤੇ ਹਰ ਸਾਲ ਪੰਜ ਲੱਖ ਰੁਪਏ ਤਕ ਦਾ ਬੀਮਾ ਦਿੱਤਾ ਜਾਵੇਗਾ।
ਇਹ ਯੋਜਨਾ ਨਕਦ ਰਹਿਤ ਹੋਵੇਗੀ, ਭਾਵ ਕਿ ਇਲਾਜ ਲਈ ਮਰੀਜ਼ ਨੂੰ ਕੋਈ ਪੈਸਾ ਅਦਾ ਨਹੀਂ ਕਰਨਾ ਪਵੇਗਾ। ਇਸ ਯੋਜਨਾ ਤਹਿਤ ਹਸਪਤਾਲ ਵਿੱਚ ਆਏ ਇਲਾਜ ਖਰਚ ਤੋਂ ਇਲਾਵਾ ਮਰੀਜ਼ ਨੂੰ ਹਸਪਤਾਲ ਤਕ ਲਿਜਾਣ ਵਿੱਚ ਆਏ ਟ੍ਰਾਂਸਪੋਰਟ ਖ਼ਰਚਿਆਂ ਦੀ ਭਰਪਾਈ ਵੀ ਕੀਤੀ ਜਾਵੇਗੀ। ਆਯੁਸ਼ਮਾਨ ਯੋਜਨਾ ਕੇਂਦਰ ਤੇ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਮੋਦੀ ਨੇ ਆਜ਼ਾਦੀ ਦਿਵਸ ਮੌਕੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ