ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਬਾਰੇ ਆਪਣਾ ਸਟੈਂਡ ਮੁੜ ਸਪਸ਼ਟ ਕਰ ਦਿੱਤਾ ਹੈ। ਅੱਜ 'ਮਨ ਕੀ ਬਾਤ' ਵਿੱਚ ਕਿਸਾਨਾਂ ਦੇ ਮੁੱਦੇ 'ਤੇ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਸੰਸਦ ਨੇ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲੇ ਹਨ। ਉਨ੍ਹਾਂ ਦੀਆਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਪੂਰੀਆਂ ਹੋਈਆਂ ਹਨ। ਸਹੀ ਜਾਣਕਾਰੀ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ।


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਵਿੱਚ ਤਿੰਨ ਦਿਨਾਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦਾ ਪੈਸਾ ਦਿਵਾਉਣ ਦੀ ਵਿਵਸਥਾ ਕੀਤੀ ਗਈ ਹੈ। ਜੇਕਰ ਪੈਸੇ ਨਾ ਮਿਲੇ ਤਾਂ ਕਿਸਾਨ ਸ਼ਿਕਾਇਤ ਕਰ ਸਕਦੇ ਹਨ। ਇਨ੍ਹਾਂ ਸੁਧਾਰਾਂ ਨਾਲ ਨਾ ਸਿਰਫ ਕਿਸਾਨਾਂ ਦੇ ਬਹੁਤ ਸਾਰੇ ਬੰਧਨ ਖ਼ਤਮ ਹੋ ਗਏ, ਬਲਕਿ ਉਨ੍ਹਾਂ ਨੂੰ ਨਵੇਂ ਮੌਕੇ ਵੀ ਮਿਲਣਗੇ। ਮੋਦੀ ਨੇ ਸਪਸ਼ਟ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕਾਨੂੰਨ ਕਿਸਾਨ ਹਿਤੈਸ਼ੀ ਹਨ।

ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਕੱਲ੍ਹ 30 ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਪ੍ਰਕਾਸ਼ ਪੁਰਬ ਮਨਾਵਾਂਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਸਾਰੀ ਦੁਨੀਆ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਿਹਾ ਗਿਆ ਹੈ ਕਿ ‘ਸੇਵਕ ਕੋ ਸੇਵਾ ਬਣ ਆਈ’ ਭਾਵ ਸੇਵਕ ਦਾ ਕੰਮ ਸੇਵਾ ਕਰਨਾ ਹੈ। ਪਿਛਲੇ ਕਈ ਸਾਲਾਂ ਵਿੱਚ, ਬਹੁਤ ਸਾਰੇ ਮਹੱਤਵਪੂਰਨ ਪੜਾਅ ਆਏ ਤੇ ਸਾਨੂੰ ਇੱਕ ਸੇਵਕ ਵਜੋਂ ਬਹੁਤ ਕੁਝ ਕਰਨ ਦਾ ਮੌਕਾ ਮਿਲਿਆ। ਗੁਰੂ ਸਾਹਿਬ ਨੇ ਸਾਡੇ ਤੋਂ ਸੇਵਾ ਲਈ।