ਪਣਜੀ: ਕਾਂਗਰਸ ਦੀ ਗੋਆ ਇਕਾਈ ਨੇ ਗਿੰਨੀਜ਼ ਵਰਲਡ ਰਿਕਾਰਡਜ਼ (ਜੀਡਬਲਿਯੂਆਰ) ਨੂੰ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਸਭ ਤੋਂ ਵੱਧ ਵਿਦੇਸ਼ੀ ਦੌਰੇ ਕਰਨ ਦਾ ਰਿਕਾਰਡ ਦਰਜ ਕਰਨ ਦੀ ਮੰਗ ਕੀਤੀ ਹੈ। ਪੱਤਰ 'ਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਰ ਸਾਲ ਦੇ ਕਾਰਜਕਾਲ ਦੌਰਾਨ 41 ਵਿਦੇਸ਼ੀ ਯਾਤਰਾਵਾਂ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।


ਗੋਆ ਕਾਂਗਰਸ ਦੇ ਮੁੱਖ ਸਕੱਤਰ ਅਮੋਨਕਰ ਵੱਲੋਂ ਬ੍ਰਿਟੇਨ ਸਥਿਤ ਜੀਡਬਲਿਯੂਆਰ ਦੇ ਅਧਿਕਾਰੀਆਂ ਨੂੰ ਰਜਿਸਟਰਡ ਪੋਸਟ ਜ਼ਰੀਏ ਭੇਜੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ ਮੋਦੀ ਨੇ ਦੇਸ਼ ਦੇ ਸਾਧਨਾਂ ਦਾ ਸਹੀ ਉਪਯੋਗ ਕਰਦਿਆਂ ਚਾਰ ਸਾਲਾਂ 'ਚ 52 ਦੇਸ਼ਾਂ ਦਾ ਯਾਤਰਾ ਕਰਕੇ ਰਿਕਾਰਡ ਕਾਇਮ ਕੀਤਾ ਹੈ। ਇਸ ਲਈ ਮੋਦੀ ਹੁਣ ਤੱਕ 355 ਕਰੋੜ ਰੁਪਏ ਖਰਚ ਕਰ ਚੁੱਕੇ ਹਨ।


ਇਸ ਦੇ ਨਾਲ ਹੀ ਉਨ੍ਹਾਂ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਦੇ ਕਾਰਜਕਾਲ 'ਚ ਭਾਰਤੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 69.03 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਮੌਕੇ ਅਮੋਨਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਨੇ ਆਪਣੇ ਕਰਾਜਕਾਲ ਦੌਰਾਨ ਦੇਸ਼ 'ਚ ਘੱਟ ਜਦਕਿ ਵਿਦੇਸ਼ਾਂ 'ਚ ਬਹੁਤਾ ਸਮਾਂ ਬਿਤਾਇਆ ਹੈ ਤੇ ਜਨਤਾ ਨਾਲ ਧੋਖਾ ਕੀਤਾ ਹੈ।