ਚੰਡੀਗੜ੍ਹ: ਕਰਨਾਟਕਾ ਦਾ ਇੱਕ ਵਿਅਕਤੀ ਜਿਸ 'ਤੇ 32 ਔਰਤਾਂ ਨੂੰ ਸਾਇਨਾਈਡ ਜ਼ਹਿਰ ਦੇ ਕੇ ਮਾਰਨ ਦੇ ਇਲਜ਼ਾਮ ਹਨ, ਨੂੰ ਛੇਵੇਂ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ। ਮੋਹਨ ਨੂੰ ਮੰਗਲੁਰੂ ਜ਼ਿਲ੍ਹਾ ਅਦਾਲਤ ਵਿੱਚ 5ਵੀਂ ਵਾਰ ਦੋਸ਼ੀ ਪਾਇਆ ਗਿਆ ਹੈ ਤੇ ਹਾਲੇ ਕਈ ਮਾਮਲਿਆਂ ਦੀ ਸੁਣਵਾਈ ਬਾਕੀ ਹੈ। ਮੋਹਨ ਨੂੰ 2010 ਵਿੱਚ ਇੱਕ ਔਰਤ ਦੀ ਮੌਤ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ, ਉਦੋਂ ਉਸ ਨੇ ਇਕਬਾਲ ਕੀਤਾ ਸੀ ਕਿ ਉਸ ਨੇ 32 ਔਰਤਾਂ ਦੀ ਹੱਤਿਆ ਕਰ ਦਿੱਤੀ ਹੈ। ਅਦਾਲਤ ਵਿੱਚ ਮੋਹਨ ਉੱਪਰ ਵੀਹ ਔਰਤਾਂ ਨਾਲ ਬਲਾਤਕਾਰ ਤੇ ਕਤਲ ਦੇ ਇਲਜ਼ਾਮਾਂ ਤਹਿਤ ਵੱਖ-ਵੱਖ ਕੇਸ ਸੁਣਵਾਈ ਅਧੀਨ ਹਨ। ਕੀ ਹੈ ਪੂਰਾ ਮਾਮਲਾ- ਸਾਲ 2003 ਤੋਂ ਕਰਨਾਟਕਾ ਦੇ ਪੰਜ ਵੱਖ-ਵੱਖ ਜ਼ਿਲ੍ਹਿਆਂ ਵਿੱਚ ਔਰਤਾਂ ਦੀਆਂ ਲਾਸ਼ਾਂ ਮਿਲਣ ਲੱਗੀਆਂ। ਪੁਲਿਸ ਨੇ ਕਦੇ ਵੀ ਇਨ੍ਹਾਂ ਦੀ ਕਤਲ ਦੇ ਨਜ਼ਰੀਏ ਤੋਂ ਜਾਂਚ ਨਹੀਂ ਕੀਤੀ। ਇਨ੍ਹਾਂ ਵਿੱਚੋਂ ਦੀ ਪੋਸਟਮਾਰਟਮ ਰਿਪੋਰਟ ਵਿੱਚ ਸਾਇਨਾਈਡ ਦੇ ਕਣ ਮੌਜੂਦ ਹੋਣ ਦੇ ਬਾਵਜੂਦ ਖ਼ੁਦਕੁਸ਼ੀ ਕਰਾਰ ਦੇ ਦਿੱਤਾ ਜਾਂਦਾ। ਪੁਲਿਸ ਨੇ ਇੱਕ ਵਾਰ ਵੀ ਇਨ੍ਹਾਂ ਮੌਤਾਂ ਨੂੰ ਸਿਲਸਿਲੇਵਾਰ ਕਤਲ ਦੇ ਨਜ਼ਰੀਏ ਤੋਂ ਵੇਖਿਆ ਹੀ ਨਹੀਂ। ਹਾਲਾਂਕਿ 20 ਔਰਤਾਂ ਦੀਆਂ ਲਾਸ਼ਾਂ ਬੱਸ ਅੱਡਿਆਂ ਦੇ ਪਖ਼ਾਨਿਆਂ ਵਿੱਚੋਂ ਬਰਾਮਦ ਕੀਤੀਆਂ ਗਈਆਂ। ਇੰਨਾ ਹੀ ਨਹੀਂ ਇਨ੍ਹਾਂ ਵਿੱਚੋਂ ਅੱਠ ਮੈਸੂਰ ਸ਼ਹਿਰ ਦੇ ਮੁਹੱਲਾ ਬੱਸ ਅੱਡੇ ਦੇ ਪਖ਼ਾਨੇ ਵਿੱਚੋਂ ਮਿਲੀਆਂ ਸਨ। ਸਾਰੀਆਂ ਔਰਤਾਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਸੀ। ਇਨ੍ਹਾਂ ਲੜੀਵਾਰ ਕਤਲਾਂ ਖੁਲਾਸਾ ਉਦੋਂ ਹੁੰਦਾ ਹੈ ਜਦ 2009 ਵਿੱਚ ਅਨੀਤਾ ਨਾਂਅ ਦੀ ਔਰਤ ਦੀ ਲਾਸ਼ ਹਸਨ ਦੇ ਬੱਸ ਸਟੈਂਡ ਦੇ ਪਖ਼ਾਨੇ ਅੰਦਰ ਮਿਲਦੀ ਹੈ। ਜਦੋਂ ਅਨੀਤਾ ਦੇ ਮਾਪਿਆਂ ਨੇ ਦੋਸ਼ ਲਾਏ ਕਿ ਉਸ ਨੂੰ ਕੋਈ ਮੁਸਲਿਮ ਮੁੰਡਾ ਉਧਾਲ ਕੇ ਲੈ ਗਿਆ ਹੈ ਤਾਂ ਉਨ੍ਹਾਂ ਦੇ ਭਾਈਚਾਰੇ ਵੱਲੋਂ ਕੀਤੇ ਪ੍ਰਦਰਸ਼ਨ ਦੇ ਦਬਾਅ ਹੇਠ ਪੁਲਿਸ ਨੇ ਅਨੀਤਾ ਦੇ ਮੋਬਾਈਲ ਕਾਲ ਰਿਕਾਰਡ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਫ਼ੋਨ ਡਿਟੇਲ ਤੋਂ ਪੁਲਿਸ ਮਾਦੀਕੇਰੀ, ਕਾਸਰਗੋਡ ਤੇ ਪੁੱਤੂਰ ਪਹੁੰਚੀ ਤੇ ਗੁੰਮਸ਼ੁਦਾ ਔਰਤਾਂ ਬਾਰੇ ਪਤਾ ਲੱਗਦਾ ਗਿਆ। ਪੁਲਿਸ ਨੂੰ ਉਦੋਂ ਲੱਗਾ ਸੀ ਕਿ ਉਹ ਇੱਕ ਦੇਹ-ਵਪਾਰ ਦੇ ਧੰਦੇ ਨੂੰ ਬੇਨਕਾਬ ਕਰਨ ਦੇ ਨੇੜੇ ਪਹੁੰਚ ਗਈ ਹੈ। ਇਸੇ ਕੜੀ ਵਿੱਚ ਪੁਲਿਸ ਨੇ ਮੰਗਲੁਰੂ ਦੇ ਦੇਰਾਲਕੱਟੇ ਤੋਂ ਇੱਕ ਨੌਜਵਾਨ ਧਾਨੁਸ਼ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਇਹ ਫ਼ੋਨ ਉਸ ਦੇ ਅੰਕਲ ਮੋਹਨ ਕੁਮਾਰ ਨੇ ਦਿੱਤਾ ਹੈ। ਪੁਲਿਸ ਨੇ ਮੋਹਨ ਨੂੰ ਹਿਰਾਸਤ ਵਿੱਚ ਲਿਆ ਤਾਂ ਉਸ ਨੇ ਪੁੱਛ-ਗਿੱਛ ਦੌਰਾਨ ਜੋ ਦੱਸਿਆ ਉਸ ਨਾਲ ਪੁਲਿਸ ਤਾਂ ਕੀ ਸਾਰੀ ਦੁਨੀਆ ਹੱਕੀ ਬੱਕੀ ਰਹਿ ਗਈ। ਮੋਹਨ ਨੇ ਖੁਲਾਸਾ ਕੀਤਾ ਕਿ ਉਸ ਨੇ 32 ਔਰਤਾਂ ਦੀ ਹੱਤਿਆ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਔਰਤਾਂ ਨਾਲ ਪਿਆਰ ਪਾਇਆ ਫਿਰ ਵਿਆਹ ਦੇ ਲਾਰਿਆਂ ਵਿੱਚ ਫਸਾ ਕੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਤੇ ਫਿਰ ਉਨ੍ਹਾਂ ਨੂੰ ਬੱਸ ਸਟੈਂਡ ਲਿਜਾ ਕੇ ਗਰਭ ਨਿਰੋਧਕ ਗੋਲ਼ੀ ਦੇ ਦਿੰਦਾ ਸੀ। ਇਸ ਗੋਲ਼ੀ 'ਤੇ ਸਾਇਨਾਈਡ ਦੀ ਪਰਤ ਚੜ੍ਹੀ ਹੁੰਦੀ ਸੀ, ਮੋਹਨ ਔਰਤਾਂ ਨੂੰ ਪਹਿਲਾਂ ਹੀ ਸਮਝਾਉਂਦਾ ਸੀ ਕਿ ਗੋਲ਼ੀ ਖਾਣ ਨਾਲ ਉਨ੍ਹਾਂ ਨੂੰ ਘਬਰਾਹਟ ਹੋ ਸਕਦੀ ਹੈ। ਇਸ ਲਈ ਉਹ ਪਖ਼ਾਨੇ ਵਿੱਚ ਜਾ ਕੇ ਇਸ ਨੂੰ ਖਾਣ। ਸਾਰੀਆਂ ਮ੍ਰਿਤਕ ਔਰਤਾਂ ਨੂੰ ਵਿਆਹ ਵਾਲੀ ਸਾੜ੍ਹੀ ਪਹਿਨੇ ਹੋਏ ਪਾਇਆ ਗਿਆ ਸੀ। ਸਾਇਨਾਈਡ ਕਾਰਨ ਉਨ੍ਹਾਂ ਦੀ ਮੌਤ ਥੋੜ੍ਹੇ ਸਮੇਂ ਵਿੱਚ ਹੋ ਜਾਂਦੀ ਸੀ ਤੇ ਮੋਹਨ ਉਨ੍ਹਾਂ ਦੇ ਗਹਿਣੇ ਆਦਿ ਲੁੱਟ ਕੇ ਰਫੂਚੱਕਰ ਹੋ ਜਾਂਦਾ ਸੀ। ਕੌਣ ਹੈ ਮੋਹਨ ਸਾਇਨਾਈਡ- ਮੋਹਨ ਕੁਮਾਰ ਦਾ ਜਨਮ 1963 ਵਿੱਚ ਹੋਇਆ ਸੀ। ਉਹ 1980 ਤੋਂ 2003 ਦੌਰਾਨ ਪ੍ਰਾਇਮਰੀ ਸਕੂਲ ਅੰਦਰ ਸਰੀਰਕ ਸਿੱਖਿਆ ਤੋਂ ਲੈ ਕੇ ਹਿਸਾਬ, ਅੰਗ੍ਰੇਜ਼ੀ ਤੇ ਵਿਗਿਆਨ ਦਾ ਅਧਿਆਪਕ ਰਹਿ ਚੁੱਕਾ ਹੈ। ਉਸ 'ਤੇ ਬੈਂਕਾਂ ਤੋਂ ਕਰਜ਼ ਲੈ ਕੇ ਵਾਪਸ ਨਾ ਕਰਨ, ਧੋਖਾਧੜੀ ਤੇ ਕਤਲ ਦੀ ਕੋਸ਼ਿਸ਼ ਦੇ ਵੀ ਇਲਜ਼ਾਮ ਹਨ, ਜਿਸ ਕਾਰਨ ਉਹ ਜੇਲ੍ਹ ਵੀ ਜਾ ਚੁੱਕਾ ਹੈ। ਮੋਹਨ ਕਿੱਥੋਂ ਖ਼ਰੀਦਦਾ ਸੀ ਸਾਇਨਾਈਡ- ਜੇਲ੍ਹ ਵਿੱਚ ਉਸ ਨੂੰ ਇੱਕ ਸੁਨਿਆਰਾ ਮਿਲਿਆ, ਜਿਸ ਤੋਂ ਮੋਹਨ ਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਉਸ ਵੱਲੋਂ ਵਰਤੇ ਗਏ ਸਾਇਨਾਈਡ ਨਾਲ ਗਾਵਾਂ ਤੇ ਬੱਕਰੀਆਂ ਮਾਰੀਆਂ ਗਈਆਂ ਸਨ। ਉਸੇ ਤੋਂ ਮੋਹਨ ਨੇ ਇਹ ਵੀ ਜਾਣ ਲਿਆ ਕਿ ਸਾਇਨਾਈਡ ਕਿੰਨਾ ਘਾਤਕ ਤੇ ਜਾਨਲੇਵਾ ਹੈ ਤੇ ਉਹ ਬਾਜ਼ਾਰ ਵਿੱਚ ਕਿੱਥੋਂ ਮਿਲਦਾ ਹੈ। ਕਿੰਝ ਮੋਹਨ ਕੁਮਾਰ ਬਣਿਆ ਮੋਹਨ ਸਾਇਨਾਈਡ- ਪੜਤਾਲ ਵਿੱਚ ਪਤਾ ਲੱਗਾ ਹੈ ਕਿ ਮੋਹਨ ਕੁਮਾਰ ਨੇ ਰਸਾਇਣ ਡੀਲਰ ਅਬਦੁਲ ਸਲਾਮ ਤੋਂ ਸੁਨਿਆਰੇ ਦੇ ਦੱਸੇ ਮੁਤਾਬਕ ਸਾਇਨਾਈਡ ਖਰੀਦਿਆ। ਮੋਹਨ ਨੇ ਉਨ੍ਹਾਂ ਨੌਜਵਾਨ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਜੋ ਆਰਥਿਕ ਤੌਰ 'ਤੇ ਗ਼ਰੀਬ ਤੇ ਵਿਆਹ ਕਰਨ ਲਈ ਤਿਆਰ ਰਹਿੰਦੀਆਂ ਸਨ। ਸਾਇਨਾਈਡ ਜ਼ਹਿਰ ਨਾਲ ਔਰਤਾਂ ਨੂੰ ਕਤਲ ਕਰਨ ਵਾਲੇ ਸੀਰੀਅਲ ਕਿੱਲਰ ਮੋਹਨ ਕੁਮਾਰ ਨੂੰ ਮੋਹਨ ਸਾਇਨਾਈਡ ਵਜੋਂ ਜਾਣਿਆ ਜਾਣ ਲੱਗਾ। ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਵੀ ਸੁਣਾ ਦਿੱਤੀ ਸੀ ਤੇ ਹੁਣ 6ਵੇਂ ਮਾਮਲੇ ਵਿੱਚ ਉਸ ਨੂੰ ਮੌਤ ਹੋਣ ਤਕ ਉਮਰ ਕੈਦ ਸੁਣਾਈ ਗਈ ਹੈ।