ਨਵੀਂ ਦਿੱਲੀ: ਗਰਮੀ ਤੋਂ ਪਰੇਸ਼ਾਨ ਦੇਸ਼ ਵਾਸੀਆਂ ਲਈ ਚੰਗੀ ਖ਼ਬਰ ਹੈ। ਇੱਕ ਹਫ਼ਤੇ ਦੀ ਦੇਰੀ ਨਾਲ ਮਾਨਸੂਨ ਨੇ ਅੱਜ ਕੇਰਲ ‘ਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਤੱਟੀ ਇਲਾਕਿਆਂ ‘ਚ ਸ਼ਨੀਵਾਰ ਸਵੇਰੇ ਤੋਂ ਹੀ ਬਾਰਸ਼ ਹੋ ਰਹੀ ਹੈ, ਜਿਸ ਦੀ ਸ਼ਾਮ ਤਕ ਤੇਜ਼ ਹੋਣ ਦੀ ਪੂਰੀ ਉਮੀਦ ਹੈ। ਹਾਲਾਂਕਿ, ਪੰਜਾਬੀਆਂ ਨੂੰ ਇਸ ਮਹੀਨੇ ਦੇ ਅੰਤ ਤਕ ਮਾਨਸੂਨ ਦੀ ਛਹਿਬਰ ਦਾ ਅਨੰਦ ਮਿਲ ਸਕਦਾ ਹੈ, ਪਰ ਫਿਲਹਾਲ ਇੱਥੇ ਗਰਮੀ ਤੋਂ ਕੋਈ ਰਾਹਤ ਨਹੀਂ ਹੈ।


ਇਸ ਦੌਰਾਨ ਸਕਾਈਮੈਟ ਦੇ ਡਾਇਰੈਕਟਰ ਮਹੇਸ਼ ਪਲਾਵਤ ਨੇ ਕਿਹਾ ਕਿ ਮਾਨਸੂਨ ਜੁਲਾਈ ਦੇ ਪਹਿਲੇ ਹਫਤੇ ਤਕ ਦਿੱਲੀ ਅਤੇ ਐਨਸੀਆਰ ‘ਚ ਦਸਤਕ ਦੇਵੇਗਾ। ਇਸ ਸਮੇਂ ਪੂਰੇ ਕੇਰਲ ‘ਚ ਬੱਦਲ ਛਾਏ ਹੋਏ ਹਨ ਤੇ ਸਮੁੰਦਰ ‘ਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਜਦਕਿ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਪੰਜਾਬ ਅਤੇ ਹਰਿਆਣਾ ‘ਚ ਭਿਆਨਕ ਗਰਮੀ ਪੈ ਰਹੀ ਹੈ ਜਿਸ ਤੋਂ ਰਾਹਤ ਦੀ ਫਿਲਹਾਲ ਕੋਈ ਉਮੀਦ ਨਹੀਂ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਅੱਜ ਤੋਂ ਮੰਗਲਵਾਰ ਤਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਤੇ ਮਹਾਰਾਸ਼ਟ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਰਹੇਗਾ। ਜਦਕਿ ਸ਼ੁਕਰਵਾਰ ਨੂੰ ਉੱਤਰ ਪ੍ਰਦੇਸ਼ ‘ਚ ਭਾਰੀ ਬਾਰਿਸ਼ ਅਤੇ ਤੂਫਾਨ ‘ਚ 26 ਲੋਕਾਂ ਦੀ ਮੌਤ ਹੋ ਗਈ। ਅੱਜ ਸੂਬੇ ਦੇ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ।