Mansoon Update : ਦੇਸ਼ ਵਾਸੀਆਂ ਨੂੰ ਜਲਦੀ ਹੀ ਕੜਾਕੇ ਦੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਸਾਲ ਮਾਨਸੂਨ 15 ਮਈ ਨੂੰ ਦੇਸ਼ 'ਚ ਦਸਤਕ ਦੇ ਸਕਦਾ ਹੈ। ਦੇਸ਼ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਆਉਣ ਦੀ ਸੰਭਾਵਨਾ ਹੈ। ਜਿਸ ਕਾਰਨ 15 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਪਹਿਲੀ ਮੌਸਮੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਇਸ ਸਾਲ ਸੰਭਾਵਿਤ ਮਾਨਸੂਨ ਬਾਰੇ ਇਹ ਅਹਿਮ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਦੱਖਣ-ਪੱਛਮੀ ਮਾਨਸੂਨ 15 ਮਈ 2022 ਦੇ ਆਸਪਾਸ ਦੱਖਣ ਅੰਡੇਮਾਨ ਸਾਗਰ ਅਤੇ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦੇ ਅਨੁਸਾਰ, ਵਿਸਤ੍ਰਿਤ ਪੂਰਵ ਅਨੁਮਾਨਾਂ ਵਿੱਚ ਲਗਾਤਾਰ ਮੌਨਸੂਨ ਦੇ ਸ਼ੁਰੂਆਤੀ ਪਹੁੰਚਣ ਲਈ ਅਨੁਕੂਲ ਸਥਿਤੀਆਂ ਦੇ ਸੰਕੇਤ ਦਿੱਤੇ ਗਏ ਹਨ ਤੇ ਇਹ ਕੇਰਲ ਅਤੇ ਫਿਰ ਉੱਤਰ ਵੱਲ ਵਧੇਗਾ।

ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸੇ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਹਨ। ਮਾਨਸੂਨ ਦੇ ਜਲਦੀ ਆਉਣ ਨਾਲ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੋਕਾਂ ਨੂੰ ਇਸ ਗਰਮੀ ਤੋਂ ਜ਼ਰੂਰ ਰਾਹਤ ਮਿਲੇਗੀ। ਜੋ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਦੀ ਮਾਰ ਝੱਲ ਰਹੇ ਹਨ। ਆਮ ਹਾਲਤਾਂ ਵਿਚ ਕੇਰਲ ਵਿਚ ਮਾਨਸੂਨ ਦੀ ਆਮਦ 1 ਜੂਨ ਨੂੰ ਹੁੰਦੀ ਹੈ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤੱਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਵੀ ਭਵਿੱਖਬਾਣੀ ਕੀਤੀ ਹੈ। 14 ਤੋਂ 16 ਮਈ ਤਕ ਦੀਪ ਸਮੂਹ 'ਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਹੀ ਮੌਸਮ ਵਿਗਿਆਨੀਆਂ ਮੁਤਾਬਕ 15 ਅਤੇ 16 ਮਈ ਨੂੰ ਦੱਖਣੀ ਅੰਡੇਮਾਨ ਸਾਗਰ ਵਿੱਚ 40-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ।