ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ। ਬੀਤੇ 24 ਘੰਟਿਆਂ 'ਚ ਵੀ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਰਿਕਾਰਡ ਬਾਰਸ਼ ਹੋਈ ਹੈ। ਪ੍ਰਦੇਸ਼ 'ਚ ਪ੍ਰੀ-ਮੌਨਸੂਨ ਨੇ ਦਸਤ ਦੇ ਕੇ ਗਰਮੀ ਤੋਂ ਰਾਹਤ ਦਿੱਤੀ ਹੈ। ਜਲਦ ਹੀ ਹਿਮਾਚਲ ਪ੍ਰਦੇਸ਼ 'ਚ ਮੌਨਸੂਨ ਦਾ ਅਸਰ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਵਾਰ ਮੌਨਸੂਨ ਆਮ ਰਹੇਗਾ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਸੁਰੇਂਦਰ ਪਾਲ ਨੇ ਦੱਸਿਆ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਪਿਆ ਹੈ। ਅਗਲੇ ਤਿੰਨ ਦਿਨਾਂ ਵਿੱਚ ਘੱਟ ਬਾਰਿਸ਼ ਹੋਵੇਗੀ। ਇਸ ਦੌਰਾਨ ਕੁਝ ਥਾਵਾਂ 'ਤੇ ਹਲਕੀ ਬਾਰਸ਼ ਰਿਕਾਰਡ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 26 ਜੂਨ ਤੋਂ ਬਾਅਦ ਮੌਨਸੂਨ ਸੂਬੇ 'ਚ ਦਾਖ਼ਲ ਹੋਵੇਗਾ। ਜੂਨ ਦੇ ਅੰਤ ਤੱਕ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਜਾਵੇਗੀ।

ਮੌਨਸੂਨ 26-27 ਜੂਨ ਤੱਕ ਹਿਮਾਚਲ ਪ੍ਰਦੇਸ਼ ਵਿੱਚ ਦਸਤਕ ਦੇ ਸਕਦਾ ਹੈ। ਆਮ ਤੌਰ 'ਤੇ ਮੌਨਸੂਨ 20 ਤੋਂ 25 ਜੂਨ ਦੇ ਵਿਚਕਾਰ ਹਿਮਾਚਲ ਪਹੁੰਚ ਜਾਂਦਾ ਹੈ ਪਰ ਇਸ ਵਾਰ ਮੌਨਸੂਨ ਦੇ ਹਿਮਾਚਲ 'ਚ 26 ਜਾਂ 27 ਜੂਨ ਨੂੰ ਪਹੁੰਚਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ, ਇਸ ਵਾਰ ਆਮ ਨਾਲੋਂ ਇੱਕ-ਦੋ ਦਿਨ ਦੇਰੀ ਨਾਲ ਆਵੇਗਾ।

ਪਿਛਲੀ ਵਾਰ ਮੌਨਸੂਨ 7 ਦਿਨ ਪਹਿਲਾਂ ਹਿਮਾਚਲ ਵਿੱਚ ਪਹੁੰਚਿਆ ਸੀ। ਫਿਲਹਾਲ ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਜਾਰੀ ਹੈ। ਸ਼ਿਮਲਾ ਦੇ ਕਈ ਇਲਾਕਿਆਂ 'ਚ ਗੜੇਮਾਰੀ ਵੀ ਹੋਈ। ਗੜੇਮਾਰੀ ਨਾਲ ਸੇਬ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ।