Milk Price Hike: ਮਹਿੰਗਾਈ ਨਾਲ ਜੂਝ ਰਹੇ ਆਮ ਆਦਮੀ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਵੇਰਕਾ ਤੋਂ ਬਾਅਦ ਮਦਰ ਡੇਅਰੀ ਨੇ ਦੁੱਧ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਗਾਹਕਾਂ ਨੂੰ ਮੌਜੂਦਾ ਰੇਟ ਨਾਲੋਂ 2 ਰੁਪਏ ਪ੍ਰਤੀ ਲੀਟਰ ਵਾਧ ਚੁਕਾਉਣਾ ਪਵੇਗਾ। ਨਵੀਆਂ ਕੀਮਤਾਂ ਅੱਜ ਯਾਨੀਕਿ 30 ਅਪ੍ਰੈਲ ਦਿਨ ਬੁੱਧਵਾਰ ਤੋਂ ਲਾਗੂ ਹੋ ਚੁੱਕੀਆਂ ਹਨ। ਦਿੱਲੀ-ਐਨਸੀਆਰ ਸਮੇਤ ਦੇਸ਼ ਭਰ ਦੇ ਸਾਰੇ ਰਾਜਾਂ ਵਿੱਚ ਨਵੇਂ ਰੇਟ ਲਾਗੂ ਹੋਣਗੇ। ਦੱਸਣਯੋਗ ਹੈ ਕਿ ਮਦਰ ਡੇਅਰੀ ਦਿੱਲੀ-ਐਨਸੀਆਰ ਵਿੱਚ ਹਰ ਰੋਜ਼ ਕਰੀਬ 35 ਲੱਖ ਲੀਟਰ ਦੁੱਧ ਵੇਚਦੀ ਹੈ।
ਨਵੀਆਂ ਕੀਮਤਾਂ ਅੱਜ ਤੋਂ ਲਾਗੂ
ਮਦਰ ਡੇਅਰੀ ਨੇ ਵਧ ਰਹੀਆਂ ਇਨਪੁੱਟ ਲਾਗਤਾਂ ਦੀ ਅੰਸ਼ਿਕ ਭਰਪਾਈ ਕਰਨ ਲਈ ਬੁੱਧਵਾਰ ਤੋਂ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਕੀਮਤਾਂ ਵਿੱਚ ਇਹ ਸੋਧ 30 ਅਪ੍ਰੈਲ 2025 ਤੋਂ ਪੂਰੇ ਬਜ਼ਾਰ 'ਚ ਲਾਗੂ ਹੋ ਗਿਆ ਹੈ।
ਕੰਪਨੀ ਨੇ ਦੁੱਧ ਦੇ ਰੇਟ ਕਿਉਂ ਵਧਾਏ
ਮਦਰ ਡੇਅਰੀ ਦੇ ਅਧਿਕਾਰੀ ਨੇ ਦੱਸਿਆ ਕਿ ਖਰੀਦ ਲਾਗਤ ਵਿੱਚ ਮਹੱਤਵਪੂਰਨ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕੀਮਤ ਵਾਧਾ ਲਾਜ਼ਮੀ ਹੋ ਗਿਆ ਸੀ। ਉਨ੍ਹਾਂ ਅਨੁਸਾਰ, ਪਿਛਲੇ ਕੁਝ ਮਹੀਨਿਆਂ 'ਚ ਖਰੀਦ ਕੀਮਤਾਂ ਵਿੱਚ 4-5 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਹੋਇਆ ਹੈ। ਇਹ ਵਾਧਾ ਮੁੱਖ ਤੌਰ 'ਤੇ ਗਰਮੀਆਂ ਦੀ ਸ਼ੁਰੂਆਤ ਅਤੇ ਲੂ ਦੀ ਸਥਿਤੀ ਕਾਰਨ ਆਇਆ ਹੈ।
ਦਿੱਲੀ-ਐਨ.ਸੀ.ਆਰ. 'ਚ ਹਰ ਰੋਜ਼ ਵੇਚਦੇ ਨੇ 35 ਲੱਖ ਲੀਟਰ ਦੁੱਧ
ਮਦਰ ਡੇਅਰੀ ਆਪਣੀ ਦੁਕਾਨਾਂ, ਆਮ ਵਿਕਰੀ ਅਤੇ ਈ-ਕਾਮਰਸ ਪਲੇਟਫਾਰਮ ਰਾਹੀਂ ਦਿੱਲੀ-ਐਨ.ਸੀ.ਆਰ. ਇਲਾਕੇ 'ਚ ਹਰ ਰੋਜ਼ ਕਰੀਬ 35 ਲੱਖ ਲੀਟਰ ਦੁੱਧ ਵੇਚਦੀ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਆਪਣੇ ਕਿਸਾਨਾਂ ਦੀ ਆਮਦਨ ਦਾ ਸਹਾਰਾ ਬਣੇ ਰਹਿਣਾ ਚਾਹੁੰਦੇ ਹਾਂ ਅਤੇ ਉਪਭੋਗਤਾਵਾਂ ਨੂੰ ਗੁਣਵੱਤਾਪੂਰਨ ਦੁੱਧ ਦੀ ਲਗਾਤਾਰ ਉਪਲਬਧਤਾ ਯਕੀਨੀ ਬਣਾਉਣ ਲਈ ਵਚਨਬੱਧ ਹਾਂ।
ਨਵੇਂ ਰੇਟ ਜਾਣੋ
ਅਧਿਕਾਰੀ ਨੇ ਦੱਸਿਆ ਕਿ ਇਹ ਕੀਮਤ ਵਾਧਾ ਸਿਰਫ ਵਧੀ ਹੋਈ ਲਾਗਤ ਦਾ ਹਿੱਸਾ ਹੈ, ਜਿਸ ਦਾ ਮਕਸਦ ਕਿਸਾਨਾਂ ਅਤੇ ਉਪਭੋਗਤਾਵਾਂ ਦੋਹਾਂ ਦੇ ਹਿੱਤਾਂ ਦੀ ਰੱਖਿਆ ਕਰਨੀ ਹੈ।
ਦਿੱਲੀ-ਐਨ.ਸੀ.ਆਰ. ਵਿੱਚ ਮਦਰ ਡੇਅਰੀ ਦੁੱਧ ਦੀਆਂ ਨਵੀਆਂ ਕੀਮਤਾਂ ਕੁੱਝ ਇਸ ਤਰ੍ਹਾਂ ਹਨ:
ਟੋਨਡ ਦੁੱਧ (ਬਲਕ ਵੈਂਡ): ₹54 ਤੋਂ ਵਧਾ ਕੇ ₹56 ਪ੍ਰਤੀ ਲੀਟਰ
ਫੁੱਲ ਕ੍ਰੀਮ ਦੁੱਧ (ਪਾਊਚ): ₹68 ਤੋਂ ਵਧਾ ਕੇ ₹69 ਪ੍ਰਤੀ ਲੀਟਰ
ਟੋਨਡ ਦੁੱਧ (ਪਾਊਚ): ₹56 ਤੋਂ ਵਧਾ ਕੇ ₹57 ਪ੍ਰਤੀ ਲੀਟਰ
ਡਬਲ ਟੋਨਡ ਦੁੱਧ: ₹49 ਤੋਂ ਵਧਾ ਕੇ ₹51 ਪ੍ਰਤੀ ਲੀਟਰ
ਗਾਂ ਦਾ ਦੁੱਧ: ₹57 ਤੋਂ ਵਧਾ ਕੇ ₹59 ਪ੍ਰਤੀ ਲੀਟਰ