ਨਵੀਂ ਦਿੱਲੀ: ਕਾਂਗਰਸ ਨੇ ਇਸ ਸਾਲ ਹੋਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਤਿਆਰੀ ਕੱਸ ਲਈ ਹੈ। ਇਸ ਵਾਰ ਕਾਂਗਰਸ ਨੇ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੀ ਮਨ ਬਣਾਇਆ ਹੈ। ਵਿਧਾਨ ਸਭਾ ਚੋਣਾਂ ਲੜਨ ਵਾਸਤੇ ਟਿਕਟ ਹਾਸਲ ਕਰਨ ਲਈ ਉਮੀਦਵਾਰਾਂ ਨੂੰ ਫੇਸਬੁੱਕ, ਵ੍ਹੱਟਸਐਪ ਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ’ਤੇ ਐਕਟਿਵ ਰਹਿਣਾ ਲਾਜ਼ਮੀ ਹੈ।

ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਨੇ ਇਸ ਸਬੰਧੀ ਬਕਾਇਦਾ ਚਿੱਠੀ ਵੀ ਜਾਰੀ ਕੀਤੀ ਹੈ ਜਿਸ ਵਿੱਚ ਆਗਾਮੀ ਚੋਣਾਂ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ-ਕਿਹੜੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲੀਡਰਾਂ ਦੀ ਕਿਹੋ ਜਿਹੀ ਮੌਜੂਦਗੀ ਹੋਣਾ ਚਾਹੀਦੀ ਹੈ।



ਚਿੱਠੀ ਮੁਕਾਬਕ ਕਾਂਗਰਸੀ ਲੀਡਰਾਂ ਦੇ ਫੇਸਬੁੱਕ ਪੇਜ ਤੇ ਟਵਿੱਟਰ ਅਕਾਊਂਟ ਹੋਣਾ ਜ਼ਰੂਰੀ ਹੈ। ਉਸ ਨੂੰ ਵ੍ਹੱਟਸਐਪ ’ਤੇ ਵੀ ਐਕਟਿਵ ਰਹਿਣਾ ਪਏਗਾ। ਇਸ ਦੇ ਇਲਾਵਾ ਫੇਸਬੁੱਕ 15 ਹਜ਼ਾਰ ਲਾਈਕਸ ਤੇ ਟਵਿੱਟਰ ਖਾਤੇ ’ਤੇ ਘੱਟੋ-ਘੱਟ 5 ਹਜ਼ਾਰ ਫਾਲੋਅਰ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਨਜ਼ਦੀਕੀ ਬੂਥ ਦੇ ਲੋਕਾਂ ਦਾ ਵ੍ਹੱਟਸਐਪ ਗਰੁੱਪ ਬਣਾਈ ਰੱਖਣਾ ਵੀ ਜ਼ਰੂਰੀ ਹੈ।

ਚਿੱਠੀ ਮੁਤਾਬਕ ਮੱਧ ਪ੍ਰਦੇਸ਼ ਕਾਂਗਰਸ ਦੇ ਟਵਿੱਟਰ ਹੈਂਡਲ ਦੇ ਸਾਰੇ ਟਵੀਟਾਂ ਨੂੰ ਲਾਈਕ ਕਰਨਾ ਤੇ ਰੀਟਵੀਟ ਕਰਨ ਤੋਂ ਇਲਾਵਾ ਮੱਧ ਪ੍ਰਦੇਸ਼ ਕਾਂਗਰਸ ਦੇ ਫੇਸਬੁੱਕ ਪੇਜ ਦੀਆਂ ਸਾਰੀਆਂ ਪੋਸਟਾਂ ਨੂੰ ਵੀ ਲਾਈਕ ਤੇ ਸ਼ੇਅਰ ਕਰਨਾ ਪਏਗਾ।

ਇਨ੍ਹਾਂ ਨਿਰਦੇਸ਼ਾਂ ਨਾਲ ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ 15 ਸਤੰਬਰ, 2018 ਤਕ ਸੂਬੇ ਦੇ ਸਾਰੇ ਲੀਡਰਾਂ, ਵਿਧਾਇਕਾਂ ਤੇ ਟਿਕਟ ਦੇ ਦਾਅਵੇਦਾਰਾਂ ਨੂੰ ਆਪਣੇ ਫੇਸਬੁੱਕ, ਟਵਿੱਟਰ ਤੇ ਵ੍ਹੱਟਸਐਪ ਦੀ ਜਾਣਕਾਰੀ ਵੀ ਮੱਧ ਪ੍ਰਦੇਸ਼ ਕਾਂਗਰਸ ਦੇ ਆਈਟੀ ਸੈੱਲ ਤੇ ਸੋਸ਼ਲ ਮੀਡੀਆ ਵਿਭਾਗ ਨੂੰ ਮੁਹੱਈਆ ਕਰਾਉਣੀ ਪਏਗੀ।