ਨਵੀਂ ਦਿੱਲੀ: ਭਾਰਤ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਆਮਰਪਾਲੀ ਗਰੁੱਪ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਧੋਨੀ ਨੇ ਅਦਾਲਤ ‘ਚ ਸ਼ਿਕਾਇਤ ਦਰਜ ਕਰ ਅਪੀਲ ਕੀਤੀ ਹੈ ਕਿ ਆਮਰਪਾਲੀ ਗਰੁੱਪ ਤੋਂ ਉਨ੍ਹਾਂ ਦਾ 40 ਕਰੋੜ ਰੁਪਏ ਦਾ ਬਕਾਇਆ ਵਾਪਸ ਕਰਵਾਇਆ ਜਾਵੇ।
ਧੋਨੀ ਵੱਲੋਂ ਦਿੱਤੀ ਸ਼ਿਕਾਇਤ ‘ਚ ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਕੰਪਨੀ ਦਾ ਚਿਹਰਾ ਰਹੇ ਹਨ, ਪਰ ਉਨ੍ਹਾਂ ਨੂੰ ਇਸ ਦਾ ਭੁਗਤਾਨ ਨਹੀਂ ਕੀਤਾ ਗਿਆ। ਆਮਰਪਾਲੀ ਉਹੀ ਕੰਪਨੀ ਹੈ ਜਿਸ ‘ਤੇ ਆਪਣੇ ਹਜ਼ਾਰਾਂ ਘਰ ਖਰੀਦਾਰਾਂ ਨੂੰ ਠੱਗਣ ਦਾ ਇਲਜ਼ਾਮ ਹੈ ਤੇ ਉਨ੍ਹਾਂ ਨੂੰ ਘਰ ਨਾ ਦੇਣ ਦਾ ਇਲਜ਼ਾਮ ਹੈ। ਇਸ ਖਿਲਾਫ ਵੀ ਖਰੀਦਾਰਾਂ ਨੇ ਕੋਰਟ ਦਾ ਰੁਖ ਕੀਤਾ ਸੀ। ਹੁਣ ਧੋਨੀ ਨੇ ਵੀ ਕੁਝ ਅਜਿਹਾ ਹੀ ਰੁਖ ਇਖ਼ਤਿਆਰ ਕੀਤਾ ਹੈ।
ਆਮਰਪਾਲੀ ਖਿਲਾਫ ਸੁਪਰੀਮ ਕੋਰਟ ਨੇ ਪਿਛਲੇ ਸਾਲ ਸਖ਼ਤ ਰੁਖ ਅਪਨਾਇਆ ਸੀ। ਕੋਰਟ ਦੇ ਆਦੇਸ਼ਾਂ ‘ਤੇ ਹੀ ਪਿਛਲੇ ਸਾਲ ਅਕਤੂਬਰ ‘ਚ ਕੰਪਨੀ ਦੇ ਡਾਇਰੈਕਟਰ ਅਨਿਲ ਕੁਮਾਰ ਸ਼ਰਮਾ, ਸ਼ੋਵ ਪ੍ਰਿਆ ਤੇ ਅਜੈ ਕੁਮਾਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ।