ਚੰਡੀਗੜ੍ਹ: ਦੇਸ਼ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਨੇ ਆਪਣੇ ਤੇ ਆਪਣੇ ਭਰਾ ਆਕਾਸ਼ ਅੰਬਾਨੀ ਦੇ ਜਨਮ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ। ਹਾਲ ਹੀ ਵਿੱਚ ਇੱਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਦੌਰਾਨ ਈਸ਼ਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੀਤਾ ਦੇ ਵਿਆਹ ਦੇ 7 ਸਾਲਾਂ ਬਾਅਦ ਵੀ ਕੋਈ ਸੰਤਾਨ ਨਹੀਂ ਹੋਈ ਸੀ। ਇਸ ਦੇ ਬਾਅਦ IVF (in vitro fertilization) ਤਕਨੀਕ ਦੀ ਮਦਦ ਨਾਲ ਉਨ੍ਹਾਂ ਦੋਵਾਂ ਭੈਣ-ਭਰਾਵਾਂ ਦਾ ਜਨਮ ਹੋਇਆ।

ਈਸ਼ਾ ਨੇ ਦੱਸਿਆ ਕਿ ਜਿਸ ਸਮੇਂ ਉਸ ਦਾ ਤੇ ਉਸ ਦੇ ਭਰਾ ਦਾ ਜਨਮ ਹੋਇਆ, ਮਾਂ ਨੀਤਾ ਉਨ੍ਹਾਂ ਦਾ ਪੂਰਾ ਖਿਆਲ ਰੱਖਦੀ ਸੀ। ਉਹ ਫੁੱਲ ਟਾਈਮ ਮਾਂ ਬਣ ਕੇ ਰਹਿਣਾ ਚਾਹੁੰਦੀ ਸੀ। ਜਦੋਂ ਉਹ ਦੋਵੇਂ ਪੰਜ ਸਾਲਾਂ ਦੇ ਹੋਏ ਤਾਂ ਨੀਤਾ ਅੰਬਾਨੀ ਨੇ ਆਪਣਾ ਕੰਮ ਸ਼ੁਰੂ ਕੀਤਾ। ਈਸ਼ਾ ਨੇ ਕਈ ਖ਼ੁਲਾਸੇ ਕੀਤੇ ਜਿਸ ਬਾਰੇ ਸ਼ਾਇਦ ਕੋਈ ਨਹੀਂ ਜਾਣਦਾ।

ਉਸ ਨੇ ਦੱਸਿਆ ਕਿ ਪਿਤਾ ਮੁਕੇਸ਼ ਅੰਬਾਨੀ ਨਾਲੋਂ ਉਨ੍ਹਾਂ ਦੀ ਮਾਂ ਨੀਤਾ ਅੰਬਾਨੀ ਜ਼ਿਆਦਾ ਕੜਕ ਹੈ। ਉਸ ਨੇ ਕਿਹਾ ਕਿ ਉਹ ਪੈਸੇ, ਸਖ਼ਤ ਮਿਹਨਤ ਤੇ ਨਮਰਤਾ ਦਾ ਮੁੱਲ ਜਾਣਦੀ ਹੈ ਕਿਉਂਕਿ ਉਸ ਦੇ ਮਾਪਿਆਂ ਨੇ ਚੰਗੀ ਤਰ੍ਹਾਂ ਉਸ ਨੂੰ ਇਹ ਸਾਰੇ ਗੁਣ ਸਿਖਾਏ ਹਨ। ਉਸ ਨੇ ਕਿਹਾ ਕਿ ਮੈਂ ਪਿਤਾ ਨੂੰ ਸ਼ਿਖਰ ’ਤੇ ਪੁੱਜਦੇ ਵੇਖਿਆ ਹੈ, ਮੈਂ ਜਾਣਦੀ ਹਾਂ ਕਿ ਸਫਲ ਹੋਣ ਲਈ ਕਿੰਨੀ ਮਿਹਨਤ ਲੱਗਦੀ ਹੈ।

ਯਾਦ ਰਹੇ ਕਿ ਪਿਛਲੇ ਸਾਲ 12 ਦਸੰਬਰ ਨੂੰ ਈਸ਼ਾ ਅੰਬਾਨੀ ਦਾ ਆਨੰਦ ਪਿਰਾਮਲ ਨਾਲ ਹੋਈ ਪ੍ਰੋਫਾਈਲ ਵਿਆਹ ਹੋਇਆ ਸੀ। ਰਿਪੋਰਟਾਂ ਦੀ ਮੰਨੀਏ ਤਾਂ ਇਸ ਵਿਆਹ ’ਤੇ 700 ਕਰੋੜ ਰੁਪਏ ਦਾ ਖ਼ਰਚ ਆਇਆ ਸੀ। ਦੁਨੀਆ ਭਰ ਵਿੱਚ ਇਸ ਵਿਆਹ ਦੀ ਚਰਚਾ ਹੋਈ ਸੀ।