ਗੁਰਦਾਸਪੁਰ: ਬਟਾਲਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਦਿਨ 1487 ਵਿੱਚ ਗੁਰੂ ਨਾਨਕ ਦੇਵ ਮਾਤਾ ਸੁਲੱਖਣੀ ਨੂੰ ਵਿਆਹੁਣ ਪਹੁੰਚੇ ਸਨ। ਅੱਜ ਵੀ ਸ਼ਹਿਰ ਵਿੱਚ ਗੁਰੂ ਨਾਨਕ ਜੀ ਦੇ ਵਿਆਹ ਪੁਰਬ ਦੀ ਯਾਦ ’ਚ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਚਾਰ ਵੱਖ-ਵੱਖ ਜ਼ਿਲ੍ਹਿਆਂ- ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਤੇ ਬਟਾਲਾ ’ਚ ਕਰੀਬ ਦੋ ਹਜ਼ਾਰ ਪੁਲਿਸ ਅਧਕਾਰੀ ਤੇ ਮੁਲਜ਼ਮ ਤਾਇਨਾਤ ਕੀਤੇ ਗਏ ਹਨ। ਨਗਰ ਕੀਰਤਨ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਘਰ, ਗੁਰਦਵਾਰਾ ਡੇਰਾ ਸਾਹਿਬ ਤੋਂ ਹੋਈ। ਇੱਥੋਂ ਢੋਲ ਤੇ ਨਗਾਰਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਖਾਲਸਾਈ ਜਾਹੋ ਜਲਾਲ ਨਾਲ ਪਾਲਕੀ ਸਾਹਿਬ ’ਚ ਸਸ਼ੋਭਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਦੱਸਿਆ ਕਿ ਨਗਰ ਕੀਰਤਨ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਪੁੱਜੇ ਹਨ। ਇਸ ਦੌਰਾਨ ਨਗਰ ਕੀਰਤਨ ਦੇ ਅੱਗੇ ਸ਼ਰਧਾਲੂ ਸਫਾਈ ਦੀ ਸੇਵਾ ਕੀਤੀ ਗਈ ਹੈ। ਬੈਂਡ ਪਾਰਟੀਆਂ ਵੱਲੋਂ ਧਾਰਮਿਕ ਧੁਨਾਂ ਵਜਾਈਆਂ ਗਈਆਂ।