ਨਵੀਂ ਦਿੱਲੀ: ਹਰਿਆਣਾ ਦੇ ਰੇਵਾੜੀ 'ਚ ਸੀਬੀਐਸੀ ਟੌਪਰ ਗੈਂਗਰੇਪ ਪੀੜਤਾ ਦੀ ਮਾਂ ਨੇ ਮੁਆਵਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ਾ ਨਹੀਂ ਇਨਸਾਫ ਚਾਹੀਦਾ ਹੈ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜ ਦਿਨ ਹੋ ਗਏ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ।
ਪੁਲਿਸ ਨੇ ਕਾਰਵਾਈ ਕਰਦਿਆਂ ਉਸ ਜਗ੍ਹਾ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਜਿੱਥੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਗ੍ਰਿਫਤਾਰ ਕੀਤੇ ਵਿਅਕਤੀ ਦੀਨ ਦਿਆਲ ਨੇ ਮੁਲਜ਼ਮਾਂ ਨੂੰ ਕਮਰਾ ਕਿਰਾਏ 'ਤੇ ਦਿੱਤਾ ਸੀ। ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ 'ਚੋਂ ਇੱਕ ਮੁਲਜ਼ਮ ਪੰਕਜ ਸੈਨਾ 'ਚ ਰਾਜਸਥਾਨ ਦੇ ਕੋਟਾ 'ਚ ਤੈਨਾਤ ਹੈ। ਪੁਲਿਸ ਉਸ ਖਿਲਾਫ ਵਾਰੰਟ ਲੈ ਕੇ ਕੋਟਾ ਗਈ ਹੈ।
ਪੁਲਿਸ ਨੇ ਇਸ ਮਾਮਲੇ 'ਚ ਤਿੰਨ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪਰ ਚਾਰ ਦਿਨ ਬੀਤਣ ਦੇ ਬਾਵਜੂਦ ਪੁਲਿਸ ਹੱਥ ਕੋਈ ਮੁਲਜ਼ਮ ਨਹੀਂ ਲੱਗਾ। ਪੁਲਿਸ ਨੇ ਮੁਲਜ਼ਮਾਂ ਦੀ ਸੂਹ ਦੇਣ ਵਾਲੇ ਲਈ ਇੱਕ ਲੱਖ ਰੁਪਏ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਹੈ।
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਹਰਿਆਣਾ ਦੇ ਪੁਲਿਸ ਮੁਖੀ ਬੀਐਸ ਸੰਧੂ ਨੂੰ ਜਲਦ ਤੋਂ ਜਲਦ ਜਾਂਚ ਕਰਾਉਣ ਲਈ ਕਿਹਾ ਹੈ ਤੇ ਨਾਲ ਹੀ ਮਾਮਲੇ 'ਚ ਹੁਣ ਤੱਕ ਹੋਈ ਜਾਂਚ ਦੇ ਬਾਰੇ ਸੂਚਿਤ ਕਰਨ ਲਈ ਕਿਹਾ ਹੈ।