1...ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦਾਂ ਵੱਲੋਂ ਸੈਨਾ ਦੇ ਹੈੱਡਕੁਆਟਰ ਉੱਤੇ ਕੀਤੇ ਗਏ ਹਮਲੇ ਵਿੱਚ 17 ਸੈਨਿਕ ਸ਼ਹੀਦ ਹੋ ਗਏ। ਜਦਕਿ 16 ਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸੈਨਾ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਮੁਕਾਬਲੇ ਵਿੱਚ ਚਾਰ ਦਹਿਸ਼ਤਗਰਦ ਵੀ ਮਾਰੇ ਗਏ ਹਨ। ਹਮਲਾ ਕਸ਼ਮੀਰ ਦੇ ਊੜੀ ਸੈਕਟਰ ਵਿੱਚ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਹੋਇਆ।
2...ਜਾਣਕਾਰੀ ਮੁਤਾਬਕ ਕੁਝ ਦਹਿਸ਼ਤਗਰਦ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਊੜੀ ਸਥਿਤ ਸੈਨਾ ਦੇ ਹੈੱਡ ਕੁਆਰਟਰ ਦੇ ਅੰਦਰ ਦਾਖਲ ਹੋਏ ਅਤੇ ਫਾਇਰਿੰਗ ਕਰਨੀ ਸੁਰੂ ਕਰ ਦਿੱਤੀ। ਇਸ ਤੋਂ ਬਾਅਦ ਸੈਨਾ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ ਅਤੇ ਜਵਾਬੀ ਕਾਰਵਾਈ ਕਰਦੇ ਹੋਏ ਚਾਰ ਦਹਿਸ਼ਤਗਰਦਾਂ ਨੂੰ ਢੇਰ ਕਰ ਦਿੱਤਾ। ਅੱਤਵਾਦੀਆਂ ਦੇ ਖਾਤਮੇ ਲਈ ਹੈਲੀਕਾਪਟਰ ਦੀ ਵੀ ਮੱਦਦ ਲਈ ਜਾ ਰਹੀ ਹੈ।
3….ਹਮਲੇ ਤੋਂ ਬਾਅਦ ਦਿੱਲੀ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਪਣਾ ਵਿਦੇਸ਼ ਦੌਰਾ ਰੱਦ ਕਰ ਦਿੱਤਾ ਹੈ। ਰਾਜਨਾਥ ਸਿੰਘ ਨੇ ਅਮਰੀਕਾ ਦੇ ਪੰਜ ਦਿਨ ਦੇ ਦੌਰੇ ਉੱਤੇ ਜਾਣਾ ਸੀ। ਹਮਲੇ ਤੋਂ ਬਾਅਦ ਰਾਜਨਾਥ ਸਿੰਘ ਨੇ ਸੁਰੱਖਿਆ ਅਧਿਕਾਰੀਆਂ ਦੀ ਐਮਰਜੈਂਸੀ ਮੀਟਿੰਗ ਵੀ ਬੁਲਾਈ ਹੈ। ਮੀਟਿੰਗ ਤੋਂ ਬਾਅਦ ਰੱਖਿਆ ਮੰਤਰੀ ਮਨਹੋਰ ਪਰੀਕਰ ਅਤੇ ਜਨਰਲ ਦਲਬੀਰ ਸਿੰਘ ਸੁਹਾਗ ਕਸ਼ਮੀਰ ਲਈ ਰਵਾਨਾ ਹੋ ਗਏ।
4….ਗ੍ਰਹਿ ਮੰਤਰਾਲੇ ਨੇ ਪੂਰੇ ਦੇਸ਼ ਵਿੱਚ ਅਲਰਟ ਵੀ ਜਾਰੀ ਕੀਤਾ ਹੈ। ਦੇਸ਼ ਵਿੱਚ ਸੁਰਖਿਆ ਦੇ ਕਡ਼ੇ ਇੰਤਜ਼ਾਮ ਵੀ ਕੀਤੇ ਗਏ ਹਨ। ਇਸਦੇ ਇਲਾਵਾ ਹਵਾਈ ਸੈਨਾਬੇਸ, ਏਅਰਪੋਰਟ ਅਤੇ ਸੈਨਾ ਨਾਲ ਜੁਡ਼ੇ ਠਿਕਾਣਿਆਂ ਤੇ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
5...ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਿਤਾ ਸਿੰਘ ਉੱਤੇ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਿਆ ਹੈ। ਆਮ ਆਦਮੀ ਪਾਰਟੀ ਦੇ ਹੀ ਇੱਕ ਆਗੂ ਨੇ ਇਹ ਇਲਜ਼ਾਮ ਲਗਾਏ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਵਿਧਾਇਕਾ ਨੇ ਨੌਕਰੀ ਦਾ ਲਾਰਾ ਲਗਾ ਕੇ 9 ਲੱਖ ਰੁਪਏ ਲਏ ਹਨ। ਦੂਜੇ ਪਾਸੇ ਵਿਧਾਇਕਾ ਸਰਿਤਾ ਸਿੰਘ ਨੇ ਵੀ ਫਰਜੀਵਾੜੇ ਦੀ ਸ਼ਿਕਾਇਤ ਪਾਰਟੀ ਦੇ ਮੁਸਲਿਮ ਆਗੂ ਸ਼ਕੀਲ ਅਹਿਮਦ ਖ਼ਿਲਾਫ਼ ਦਿੱਤੀ ਹੈ।
6... ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਸ਼ਕੀਲ ਨੇ ਆਖਿਆ ਕਿ ਤਿੰਨ ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰ ਕੇ ਸਰਿਤਾ ਸਿੰਘ ਨੇ ਪੈਸੇ ਲਏ ਹਨ ਅਤੇ ਨੌਕਰੀ ਕਿਸੇ ਨੂੰ ਵੀ ਨਹੀਂ ਦਿੱਤੀ ਗਈ। ਪੁਲਿਸ ਨੇ ਦੋਹਾਂ ਧਿਰਾਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਯੂ ਪੀ ਦੀ ਰਾਏ-ਬਰੇਲੀ ਦੀ ਰਹਿਣ ਵਾਲੀ ਸਰਿਤਾ ਸਿੰਘ ਨੇ 2015 ਦੀਆਂ ਚੋਣਾਂ ਵਿੱਚ ਰੋਹਤਾਸ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਸੀ।
7...ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਦਾਖ਼ਲ ਅਪਰਾਧਿਕ ਮਾਣਹਾਨੀ ਕੇਸ ਵਿੱਚ ਨਿੱਜੀ ਪੇਸ਼ੀ ਤੋਂ ਛੋਟ ਮਿਲ ਗਈ। ਕੇਸ ਦੀ ਅਗਲੀ ਸੁਣਵਾਈ ਹੁਣ 24 ਅਕਤੂਬਰ ਨੂੰ ਹੋਵੇਗੀ। ਕੇਜਰੀਵਾਲ ਤੇ ਪੰਜ ਹੋਰ ‘ਆਪ’ ਆਗੂ ਜੋ ਇਸ ਮਾਮਲੇ ’ਚ ਮੁਲਜ਼ਮ ਹਨ ਵੱਲੋਂ ਪੇਸ਼ ਵਕੀਲ ਨੇ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਸੁਮਿਤ ਦਾਸ ਨੂੰ ਦੱਸਿਆ ਕਿ ਕੇਜਰੀਵਾਲ ਬੰਗਲੌਰ ਵਿੱਚ ਗਲੇ ਦੀ ਸਰਜਰੀ ਕਰਕੇ ਅੱਜ ਕੋਰਟ ਵਿੱਚ ਪੇਸ਼ ਨਹੀਂ ਹੋ ਸਕੇ।
8….ਗੁਜਰਾਤ ਦੌਰੇ ਉੱਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਚਾਨਕ ਕੀਤੀ ਗਈ ਖੁੱਲ੍ਹੀ ਜੀਪ ਦੀ ਮੰਗ ਨੇ ਇੱਥੋਂ ਦੀ ਪੁਲਿਸ ਦੇ ਪਸੀਨੇ ਛੁਡਾ ਦਿੱਤੇ। ਜਦੋਂ ਗੁਜਰਾਤ ਪੁਲਿਸ ਦੀ ਕੋਈ ਵਾਹ ਨਹੀਂ ਚੱਲੀ ਤਾਂ ਉਨ੍ਹਾਂ ਨੇੜੇ ਖੜੀ ਜਿਪਸੀ ਨੂੰ ਖੁੱਲ੍ਹੀ ਜਿਪਸੀ ਬਣਾਉਣ ਦੇ ਆਦੇਸ਼ ਦਿੱਤੇ। ਕਰੀਬ 30 ਮਿੰਟ ਦੀ ਮਿਹਨਤ ਤੋਂ ਖੁੱਲ੍ਹੀ ਜੀਪ ਤਿਆਰ ਕਰ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਲੈਂਡ ਕਰਦੇ ਹਨ ਅਤੇ ਸਿੱਧਾ ਖੁੱਲ੍ਹੀ ਜਿਪਸੀ ਵਿੱਚ ਸਵਾਰ ਹੋ ਕੇ ਰੈਲੀ ਵਾਲੀ ਥਾਂ ਪਹੁੰਚੇ।
9...ਰਾਜਧਾਨੀ ਦਿੱਲੀ ਵਿੱਚ ਚਿਕਨਗੁਨੀਆ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ । ਉਥੇ ਹੀ ਦੂਜੇ ਪਾਸੇ ਦਿੱਲੀ ਸਰਕਾਰ ਨੇ ਇਸ ਬਿਮਾਰੀ ਨਾਲ ਨਜਿਠਣ ਲਈ ਜਨਤਾ ਤੋਂ ਸਹਿਯੋਗ ਮੰਗਿਆ ਹੈ। ਸ਼ਹਿਰ ਚ 2,800 ਤੋਂ ਜ਼ਿਆਦਾ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹੈ।
10.…ਪਤੰਜਲੀ ਦੇ ਉਤਪਾਦ ਹੁਣ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਤੇ ਵੀ ਉਪਲਬਧ ਹੋਣਗੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਹ ਐਲਾਨ ਕੀਤਾ ਹੈ। ਸਹਿਕਾਰਿਤਾ ਵਿਭਾਗ ਨੂੰ ਇਸ ਲਈ ਜਲਦ ਯੋਜਨਾ ਬਣਾਉਣ ਦੇ ਨਿਰਦੇਸ਼ ਜਾਰੀ ਕਰ ਦਿਤੇ ਨੇ ਉਹਨਾਂ ਕਿਹਾ ਕਿ ਪੀਡੀਐਸ ਦੀਆਂ ਦੁਕਾਨਾਂ ਤੇ ਜੇਕਰ ਪਤੰਜਲੀ ਦੇ ਉਤਪਾਦ ਵੀ ਵੇਚਣੇ ਪਏ, ਤਾਂ ਜ਼ਰੂਰ ਵੇਚੇ ਜਾਣਗੇ। ਵਿਰੋਧੀਆਂ ਨੇ ਸਰਕਾਰ ਤੇ ਬਾਬਾ ਰਾਮਦੇਵ ਦੀ ਮਾਰਕੇਟਿੰਗ ਕਰਨ ਦੇ ਵੀ ਇਲਜ਼ਾਮ ਲਗਾਏ ਹਨ।