1….‘ਇੱਕ ਰੈਂਕ, ਇੱਕ ਪੈਨਸ਼ਨ’ ਦੀ ਮੰਗ ਪੂਰੀ ਨਾ ਹੋਣ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਹਰਿਆਣਾ ਦੇ 70 ਸਾਲਾ ਸਾਬਕਾ ਸੂਬੇਦਾਰ ਰਾਮ ਕਿਸ਼ਨ ਗਰੇਵਾਲ ਦਾ ਅੰਤਿਮ ਸੰਸਕਾਰ ਅੱਜ ਹਰਿਆਣਾ ਦੇ ਭਿਵਾਨੀ ਵਿਖੇ ਕੀਤਾ ਗਿਆ। ਸਾਬਕਾ ਸੈਨਿਕ ਦੇ ਅੰਤਿਮ ਸਸਕਾਰ ਲਈ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਸੈਨਿਕ ਦੇ ਪਿੰਡ ਪਹੁੰਚੇ। ਇਸ ਮੁੱਦੇ ਨੂੰ ਲੈ ਕੇ ਸਿਆਸਤ ਵੀ ਗਰਮਾਈ ਹੋਈ ਹੈ। ਸਾਬਕਾ ਸੈਨਿਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਗਏ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸੋਦੀਆ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
2...ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਏ.ਬੀ.ਪੀ. ਨਿਊਜ਼ ਨਾਲ ਗੱਲਬਾਤ ਦੌਰਾਨ ਵੱਡਾ ਬਿਆਨ ਦਿੱਤਾ ਹੈ। ਅਖਿਲੇਸ਼ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਿਹਾ ਕਿ ਉਹ ਕਿਸੇ ਵੀ ਪਾਰਟੀ ਨਾਲ ਗੱਠਜੋੜ ਲਈ ਤਿਆਰ ਹਨ ਜਿਸ ਦਾ ਫੈਸਲਾ ਪਾਰਟੀ ਮੁਖੀ ਕਰਨਗੇ। ਅਖਿਲੇਸ਼ ਮੁਤਾਬਕ ਮੁੜ ਸਰਕਾਰ ਬਣਨ ਮਗਰੋਂ ਵੀ ਸਪਾ ਪੂਰੀ ਲਗਨ ਨਾਲ ਵਿਕਾਸ ਕਰੇਗੀ। ਸਮਾਜਵਾਦੀ ਪਾਰਟੀ ਵਿੱਚ ਅੱਜ ਘਮਾਸਾਨ ਮਗਰੋਂ ਰੱਥ ਯਾਤਰਾ ਮੌਕੇ ਦੂਰੀਆਂ ਮਿਟਦੀਆਂ ਦਿਖੀਆਂ। ਇੱਕ ਹੀ ਮੰਚ ਤੇ ਅਖਿਲੇਸ਼, ਮੁਲਾਇਮ ਤੇ ਸ਼ਿਵਪਾਲ ਵਖਾਈ ਦਿੱਤੇ। ਮੁਲਾਇਮ ਸਿੰਘ ਨੇ ਅਖਿਲੇਸ਼ ਦੀ ਰੱਥ ਯਾਤਰਾ ਨੂੰ ਹਰੀ ਝੰਡੀ ਦਿੱਤੀ।
3…. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਪੱਤਰਕਾਰਾਂ ਲਈ ਦੀਵਾਲੀ ਮਿਲਣ ਸਮਾਰੋਹ ਦੀ ਮੇਜ਼ਬਾਨੀ ਕਰਨਗੇ। ਇਹ ਪ੍ਰੋਗਰਾਮ ਅੱਜ ਸ਼ਾਮ 5 ਵਜੇ ਬੀਜੇਪੀ ਦੇ ਮੁੱਖ ਦਫਤਰ 11 ਅਸ਼ੋਕਾ ਰੋਡ 'ਤੇ ਹੋ ਰਿਹਾ ਹੈ। ਇਸ ਵਿੱਚ ਪ੍ਰਿੰਟ, ਟੀਵੀ ਤੇ ਏਜੰਸੀ ਦੇ ਕਰੀਬ 2500 ਪੱਤਰਕਾਰਾਂ ਨੂੰ ਬੁਲਾਇਆ ਗਿਆ ਹੈ।
4….ਇਕਨੋਮਿਕ ਟਾਈਮਜ਼ ਵਿੱਚ ਛਪੀ ਰਿਪੋਰਟ ਮੁਤਾਬਕ ਵਿੱਤ ਮੰਤਰਾਲੇ ਨੇ ਪਾਸਪੋਰਟ ਡਿਪਾਰਟਮੈਂਟ ਨੂੰ ਆਪਣੀ ਫੀਸ ਵਧਾਉਣ ਲਈ ਕਿਹਾ ਹੈ ਤਾਂ ਕਿ ਸੇਵਾ ਮੁਹੱਈਆ ਕਰਵਾਉਣ ਲਈ ਖਰਚ ਹੋਇਆ ਪੈਸਾ ਰਿਕਵਰ ਕੀਤਾ ਜਾ ਸਕੇ। ਜਦਕਿ ਸਰਕਾਰ ਨੇ ਲਾਇਸੈਂਸ ਫੀਸ ਵਧਾਉਣ ਦਾ ਫੈਸਲਾ ਵੀ ਕੀਤਾ ਹੈ।
5...ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਹਟਾਉਣ ਦੀ ਮੰਗ ਕੀਤੀ ਹੈ। ਰਿਟਾਇਰ ਸੈਨਿਕ ਦੀ ਖੁਦਕੁਸ਼ੀ ਮਗਰੋਂ ਬਣੇ ਹਾਲਾਤ ਤੇ ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਹਟਾਉਣਾ ਚਾਹੀਦਾ ਹੈ। ਨਹੀਂ ਤਾਂ ਉਨ੍ਹਾਂ ਨੂੰ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਹੈ।
6...ਭਾਰਤ ਪਾਕਿਤਾਨ ਸਰਹੱਦ 'ਤੇ ਜਾਰੀ ਤਣਾਅ ਵਿਚਾਲੇ ਜੰਮੂ ਵਿੱਚ ਪ੍ਰਸ਼ਾਸਨ ਨੇ ਬਾਰਡਰ ਨਾਲ ਲੱਗਦੇ 432 ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ।
7...ਜੰਮੂ ਵਿੱਚ ਪਾਕਿਸਤਾਨੀ ਗੋਲੀਬਾਰੀ ਦੀ ਸ਼ਿਕਾਰ ਇੱਕ 14 ਮਹੀਨੇ ਦੀ ਬੱਚੀ ਬਣ ਗਈ ਜੋ ਹਸਪਤਾਲ ਵਿੱਚ ਦਾਖਲ ਹੈ। ਬੱਚੀ ਪਾਕਿਸਤਾਨੀ ਮੋਰਟਾਰ ਸ਼ੈਲ ਦੇ ਛਰਿਆਂ ਨਾਲ ਜ਼ਖਮੀ ਹੋ ਗਈ ਜਿਸ ਦੇ ਪਰਿਵਾਰ ਨੇ ਬੱਚੀ ਲਈ ਦੁਆ ਕਰਨ ਦੀ ਅਪੀਲ ਕੀਤੀ ਹੈ।
8...ਦਿੱਲੀ ਦੇ ਯਮਨਾ ਐਕਸਪ੍ਰੈਸ ਵੇਅ 'ਤੇ ਸਵੇਰੇ ਛਾਏ ਸੰਘਣੇ ਕੋਰੇ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਇਸ ਕਾਰਨ 20 ਗੱਡੀਆਂ ਦੀ ਟੱਕਰ ਹੋ ਗਈ। ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋਏ ਹਨ।