1...ਨੋਟਬੰਦੀ ਦਾ ਅੱਜ 23ਵਾਂ ਦਿਨ ਹੈ ਪਰ ਦੇਸ਼ ਦੀ ਜਨਤਾ ਕੈਸ਼ ਦੀ ਕਿੱਲਤ ਨਾਲ ਲਗਾਤਾਰ ਜੂਝ ਰਹੀ ਹੈ। ਲੋਕ ਬੈਂਕਾਂ ‘ਚ ਪਿਆ ਆਪਣਾ ਪੈਸਾ ਲਈ ਹੀ ਸਖਤ ਮੁਸ਼ੱਕਤ ਕਰ ਰਹੇ ਹਨ। ਦੇਸ਼ ਦੀ ਅਬਾਦੀ ਦਾ ਇੱਕ ਵੱਡਾ ਹਿੱਸਾ ਲਾਈਨਾਂ ‘ਚ ਖੜ੍ਹਾ ਹੈ। ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਹਾਲਾਤ ਪਹਿਲਾਂ ਤੋਂ ਬੇਹਤਰ ਹੋਏ ਹਨ।

2…ਸਰਕਾਰ ਵੱਲੋਂ ਨੋਟਬੰਦੀ ਨੂੰ ਲੈ ਕੇ ਬਣਾਏ ਨਿਯਮਾਂ ‘ਚ ਲਗਾਤਾਰ ਬਦਲਾਅ ਦਾ ਸਿਲਸਲਾ ਜਾਰੀ ਹੈ। ਅੱਜ ਨਵੇਂ ਬਦਲਾਅ ਮੁਤਾਬਕ ਹੁਣ ਪੈਟਰੋਲ ਪੰਪਾਂ ‘ਤੇ ਤੇਲ ਪਵਾਉਣ ਤੇ ਹਵਾਈ ਟਿਕਟਾਂ ਦੀ ਖਰੀਦ ਲਈ ਪੁਰਾਣੇ ਨੋਟਾਂ ਦੀ ਵਰਤੋਂ ਲਈ ਦਿੱਤੀ ਗਈ ਛੋਟ ਵੀ ਖਤਮ ਕਰ ਦਿੱਤੀ ਗਈ ਹੈ। ਹੁਣ ਤੁਸੀਂ ਸਿਰਫ ਕੱਲ੍ਹ ਤੱਕ ਹੀ ਇਸ ਛੋਟ ਦਾ ਲਾਭ ਲੈ ਸਕੋਗੇ। ਇਸ ਤੋਂ ਪਹਿਲਾਂ ਸਰਕਾਰ ਨੇ ਇਹ ਛੋਟ 15 ਦਸੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਹਾਲਾਂਕਿ ਰੇਲਵੇ ਟਿਕਟ ਲੈਣ, ਦਵਾਈਆਂ ਦੀਆਂ ਦੁਕਾਨਾਂ, ਸਰਕਾਰੀ ਹਸਪਤਾਲਾਂ, ਸਰਕਾਰੀ ਬੀਜ ਕੇਂਦਰ ਤੇ ਹਾਈਵੇ ਦੇ ਟੋਲ ਨਾਕਿਆਂ ‘ਤੇ ਛੋਟ ਅਜੇ ਜਾਰੀ ਰਹੇਗੀ।

3...ਨੋਟਬੰਦੀ ਵਿਚਾਲੇ ਮਹਿੰਗਾਈ ਦੀ ਇੱਕ ਹੋਰ ਮਾਰ ਪੈਣ ਜਾ ਰਹੀ ਹੈ। ਦੁਨੀਆ ਭਰ ਵਿੱਚ ਤੇਲ ਮਹਿੰਗਾ ਹੋ ਰਿਹਾ ਹੈ। ਇਸ ਦੀ ਸ਼ੁਰੂਆਤ ਅਮਰੀਕਾ ਤੋਂ ਹੋ ਚੁੱਕੀ ਹੈ। ਭਾਰਤ ਵਿੱਚ ਵੀ ਬੀਤੀ ਰਾਤ ਤੋਂ ਪੈਟਰੋਲ 13 ਪੈਸੇ ਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਤੇਲ ਉਤਪਾਦਕ ਦੇਸ਼ਾਂ ਦੇ ਸਭ ਤੋਂ ਵੱਡੇ ਸਮੂਹ ਓਪੇਕ ਨੇ ਉਤਪਾਦਨ ਘੱਟ ਕਰਨ ਦਾ ਫੈਸਲਾ ਕੀਤਾ ਹੈ।

4….ਸੂਤਰਾਂ ਮੁਤਾਬਕ ਕੁਝ ਨਿੱਜੀ ਹਸਪਤਾਲ ਤੇ ਹੋਟਲ ਕਾਲੇ ਧਨ ਨੂੰ ਸਫੇਦ ਕਰਨ ਵਿੱਚ ਜੁਟੇ ਹਨ। ਅਜਿਹੇ ਵਿੱਚ ਇਨਕਮ ਟੈਕਸ ਵਿਭਾਗ ਅਜਿਹੇ ਹਸਪਤਾਲਾਂ ਤੇ ਹੋਟਲਾਂ ਦੀ ਜਾਂਚ ਵਿੱਚ ਜੁਟਿਆ ਹੈ ਤੇ ਕਾਰਵਾਈ ਦੀ ਤਿਆਰੀ ਵਿੱਚ ਹੈ।

5….ਦਿੱਲੀ-ਐਨ.ਸੀ.ਆਰ. ਸਮੇਤ ਪੂਰੇ ਉੱਤਰੀ ਭਾਰਤ ਵਿੱਚ ਅੱਜ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ। ਧੁੰਦ ਕਾਰਨ ਫਲਾਈਟ ਤੇ ਰੇਲ ਸੇਵਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ‘ਤੇ ਕੁਝ ਸਮੇਂ ਲਈ ਉਡਾਣ ਤੇ ਲੈਡਿੰਗ ਰੋਕੀ ਗਈ ਹੈ। ਹਵਾਈ ਅੱਡੇ ‘ਤੇ ਦ੍ਰਿਸ਼ਟੀ 50 ਮੀਟਰ ਤੋਂ ਘੱਟ ਰਹਿ ਗਈ ਹੈ।

6...ਕਾਂਗਰਸ ਪਾਰਟੀ ਦਾ ਟਵਿਟਰ ਹੈਕ ਹੋ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਸੀ। ਇਸ 'ਤੇ ਇਤਰਾਜ਼ਯੋਗ ਸਮਗਰੀ ਪੋਸਟ ਕੀਤੀ ਗਈ ਸੀ ਜਿਸ ਨੂੰ ਕਾਂਗਰਸ ਨੇ ਸਾਜਿਸ਼ ਦੱਸਿਆ ਸੀ।

7….ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਦਾ ਮਾਮਲਾ ਵੀਰਵਾਰ ਨੂੰ ਸੰਸਦ ਵਿੱਚ ਗੂੰਜਿਆ। ਲੋਕ ਸਭਾ ਵਿੱਚ ਕਾਂਗਰਸ ਤੇ ਟੀ.ਐਮ.ਸੀ. ਨੇ ਇਹ ਮੁੱਦਿਆਂ ਚੁੱਕਿਆ। ਜਿਨ੍ਹਾਂ ਇਲਜ਼ਾਮ ਲਾਇਆ ਹੈ ਕਿ ਇਸ ਪਿੱਛੇ ਸਾਜਿਸ਼ ਸੀ। ਇਸ ਨਾਲ ਮਮਤਾ ਬੈਨਰਜੀ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਹ ਮੁੱਦਾ ਰਾਜ ਸਭਾ ਵਿੱਚ ਚੁੱਕਿਆ ਗਿਆ। ਦਰਅਸਲ ਮਮਤਾ ਬੈਨਰਜੀ ਬੁੱਧਵਾਰ ਨੂੰ ਇੰਡੀਗੋ ਦੀ ਫਲਾਈਟ ਵਿੱਚ ਪਟਨਾ ਤੋਂ ਕੋਲਕਾਤਾ ਜਾ ਰਹੀ ਸੀ ਕਿ ਰਸਤੇ ਵਿੱਚ ਜਹਾਜ਼ ਦਾ ਤੇਲ ਖ਼ਤਮ ਹੋਣ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ ਸੀ।

8...ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਸਭ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਸ ਘਟਨਾ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਇਸ ਮੁੱਦੇ ਤੋਂ ਇਲਾਵਾ ਨੋਟਬੰਦੀ ਨੂੰ ਲੈ ਕੇ ਵੀ ਸੰਸਦ ਵਿੱਚ ਹੰਗਾਮਾ ਹੋਇਆ। ਇਸ ਕਾਰਨ ਸੰਸਦ ਦਾ ਕੰਮਕਾਜ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ।

9...ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ ਵਿੱਚ ਨਗਰੋਟਾ ਵਿੱਚ ਸੈਨਾ ਦੀ ਯੁਨਿਟ ਤੇ ਹਮਲਾ ਕਰਨ ਵਾਲੇ ਅੱਤਵਾਦੀ ਜੈਸ਼ ਏ ਮੁਹੰਮਦ ਦੇ ਸਨ। ਅੱਤਵਾਦੀਆਂ ਤੋਂ ਬਰਾਮਦ ਹੋਏ ਕਾਗਜ਼ ਤੋਂ ਇਹ ਖੁਲਾਸਾ ਹੋਇਆ ਹੈ। ਉਥੇ ਹੀ ਖੁਲਾਸਾ ਹੋਇਆ ਹੈ ਕਿ ਸਾਂਬਾ ਵਿੱਚ ਪਾਕਿਸਤਾਨੀ ਅੱਤਵਾਦੀਆਂ ਨੇ ਸੁਰੰਗ ਰਾਹੀਂ ਘੁਸਪੈਠ ਕੀਤੀ ਸੀ। ਤਿੰਨੇ ਅੱਤਵਾਦੀ 80 ਮੀਟਰ ਲੰਬੀ ਸੁਰੰਗ ਰਾਂਹੀ ਦਾਖਲ ਹੋਏ ਸਨ।