ਔਰਤਾਂ ਨੇ ਬਣਾਈ ਵੱਖਰੀ ਸਿਆਸੀ ਪਾਰਟੀ, ਲੋਕ ਸਭਾ ਚੋਣਾਂ ਲੜਨ ਦਾ ਐਲਾਨ
ਏਬੀਪੀ ਸਾਂਝਾ | 06 Feb 2019 12:25 PM (IST)
ਅਹਿਮਦਾਬਾਦ: ਹਾਲ ਵੀ ਵਿੱਚ ਬਣੀ ਨੈਸ਼ਨਲ ਵੂਮੈਨਜ਼ ਪਾਰਟੀ (NWP) ਨੇ ਮੰਗਲਵਾਰ ਨੂੰ ਗੁਜਰਾਤ ਦੀਆਂ ਸਾਰੀਆਂ ਸੀਟਾਂ ਤੋਂ ਸੰਸਦੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪਾਰਟੀ ਦੀ ਪ੍ਰਧਾਨ ਡਾ. ਸ਼ਵੇਤਾ ਸ਼ੈਟੀ ਨੇ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਸੰਸਦ ਵਿੱਚ ਮਹਿਲਾਵਾਂ ਲਈ 50 ਫੀਸਦੀ ਰਾਖਵਾਂਕਰਨ ਹਾਸਲ ਕਰਨਾ ਹੈ। ਦਰਅਸਲ ਡਾ. ਸ਼ਵੇਤਾ ਪਾਰਟੀ ਦੀ ਅਹਿਮਦਾਬਾਦ ਇਕਾਈ ਦੀ ਆਰੰਭਤਾ ਕਰਨ ਤੇ ਗੁਜਰਾਤ ਲਈ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਡਾ. ਸ਼ਵੇਤਾ ਨੇ ਮੰਗ ਕੀਤੀ ਕਿ ਸੰਸਦ ਵਿੱਚ ਮਹਿਲਾਵਾਂ ਨੂੰ 50 ਫੀਸਦੀ ਤੋਂ ਘੱਟ ਰਾਖਵਾਂਕਰਨ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਕਾਰਨ ਕਰਕੇ ਉਹ ਸਿਰਫ ਮਹਿਲਾ ਉਮੀਦਵਾਰਾਂ ਨੂੰ ਹੀ ਅੱਧੀਆਂ, ਯਾਨੀ 13 ਟਿਕਟਾਂ ਦੇਣਗੇ। ਡਾ. ਸ਼ਵੇਤਾ ਨੇ ਕਿਹਾ ਕਿ ਪਾਰਟੀ ਗੁਜਰਾਤ ਦੀਆਂ 13 ਲੋਕ ਸਭਾ ਸੀਟਾਂ ’ਤੇ ਮਹਿਲਾ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰੇਗੀ ਜਦਕਿ ਬਾਕੀ ਸੀਟਾਂ ’ਤੇ ਪੁਰਸ਼ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਉਨ੍ਹਾਂ ਕਿਹਾ ਕਿ 13 ਸੀਟਾਂ ਸਿਰਫ ਮਹਿਲਾ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆਂ ਤੇ ਬਾਕੀ ਦੀਆਂ 13 ਲੋਕ ਸਭਾ ਸੀਟਾਂ ਸਮਾਨ ਵਿਚਾਰਧਾਰਾ ਵਾਲੇ ਪੁਰਸ਼ ਉਮੀਦਵਾਰਾਂ ਲਈ ਖੁੱਲ੍ਹੀਆਂ ਹਨ। ਉਨ੍ਹਾਂ ਦੱਸਿਆ ਕਿ ਪਾਰਟੀ ਦੇਸ਼ ਭਰ ਵਿੱਚ ਕੁੱਲ 283 ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ। ਪਾਰਟੀ ਨੂੰ ਚੋਣ ਕਮਿਸ਼ਨ ਤੋਂ ਰਜਿਸਟਰ ਕਰਵਾ ਲਿਆ ਗਿਆ ਹੈ ਪਰ ਹਾਲੇ ਤਕ ਪਾਰਟੀ ਨੂੰ ਕੋਈ ਚੋਣ ਨਿਸ਼ਾਨ ਨਹੀਂ ਦਿੱਤਾ ਗਿਆ। ਕ੍ਰਿਕੇਟਰ ਰਵਿੰਦਰ ਜਡੇਜਾ ਦੀ ਭੈਣ ਨਾਇਨਾਬਾ ਜਡੇਜਾ ਨੂੰ ਪਾਰਟੀ ਦਾ ਪੱਛਮ ਖੇਤਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਭਾਵਨਾ ਜਡੇਜਾ ਨੂੰ ਗੁਜਰਾਤ ਦਾ ਪ੍ਰਧਾਨ ਚੁਣਿਆ ਗਿਆ ਹੈ।