ਚੰਡੀਗੜ੍ਹ: ਕਾਂਗਰਸ ਨੇ ਚੰਡੀਗੜ੍ਹ ਸੀਟ ਤੋਂ ਨਵਜੋਤ ਕੌਰ ਸਿੱਧੂ ਦੀ ਬਜਾਏ ਪੁਰਾਣੇ ਕਾਂਗਰਸ ਲੀਡਰ ਤੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਸ ਮਗਰੋਂ ਨਵਜੋਤ ਕੌਰ ਸਿੱਧੂ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਹੋਰ ਕਿਸੇ ਸੀਟ ਤੋਂ ਚੋਣ ਨਹੀਂ ਲੜਨਗੇ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਸੀਟ ਦੀ ਪੇਸ਼ਕਸ਼ ਹੋਈ ਸੀ ਪਰ ਉਹ ਹੋਰ ਕਿਤੋਂ ਵੀ ਚੋਣ ਲੜਨ ਲਈ ਤਿਆਰ ਨਹੀਂ ਹਨ।


ਚੰਡੀਗੜ੍ਹ ਸੀਟ ਨਾ ਮਿਲਣ 'ਤੇ ਨਵਜੋਤ ਸਿੱਧੂ ਨੇ ਕਿਹਾ ਕਿ ਪਾਰਟੀ ਦੇ ਆਪਣੇ ਫੈਸਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਸਿੱਧੂ ਸਾਹਿਬ ਦੇ ਪ੍ਰਚਾਰ 'ਤੇ ਕੋਈ ਉਂਗਲੀ ਕਰੇ। ਇਸ ਲਈ ਮੈਂ ਕੋਈ ਵੀ ਤਿਆਗ ਕਰਨ ਲਈ ਤਿਆਰ ਹਾਂ। ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਹੁਣ ਉਹ ਹੋਰ ਕਿਸੇ ਵੀ ਸੀਟ ਤੋਂ ਚੋਣ ਨਹੀਂ ਲੜਨਗੇ। ਪਰ ਜੇ ਪਵਨ ਬਾਂਸਲ ਉਨ੍ਹਾਂ ਨੂੰ ਕਹਿਣ ਤਾਂ ਉਹ ਪ੍ਰਚਾਰ ਜ਼ਰੂਰ ਕਰਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਦੀ ਵੀ ਪੇਸ਼ਕਸ਼ ਕੀਤੀ ਸੀ।

ਸਿੱਧੂ ਨੇ ਕਿਹਾ ਕਿ ਪਵਨ ਬਾਂਸਲ ਸਾਲਾਂ ਤੋਂ ਚੰਡੀਗੜ੍ਹ ਤੋਂ ਚੋਣ ਲੜ ਰਹੇ ਹਨ। ਸਥਾਨਕ ਸੰਗਠਨਾਂ ਨੇ ਵੀ ਬਾਂਸਲ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਾਣੀ ਚਾਹੀਦੀ ਹੈ ਤੇ ਕਾਂਗਰਸ ਸਰਕਾਰ ਆਉਣੀ ਚਾਹੀਦੀ ਹੈ। ਨਵਜੋਤ ਕੌਰ ਸਿੱਧੂ 2 ਮਹੀਨਿਆਂ, ਯਾਨੀ 26 ਜਨਵਰੀ ਤੋਂ ਹੀ ਚੰਡੀਗੜ੍ਹ ਸੀਟ ਉੱਤੇ ਰੋਜ਼ ਪ੍ਰਚਾਰ ਰੈਲੀਆਂ ਕਰ ਰਹੇ ਸਨ। ਪਿਛਲੇ ਦਿਨੀਂ ਉਨ੍ਹਾਂ ਨੇ ਬੜੇ ਆਤਮ ਵਿਸ਼ਵਾਸ ਨਾਲ ਕਿਹਾ ਸੀ ਕਿ ਚੰਡੀਗੜ੍ਹ ਤੋਂ ਉਨ੍ਹਾਂ ਨੂੰ ਹੀ ਟਿਕਟ ਮਿਲੇਗੀ। ਜੇ ਨਾ ਮਿਲੀ ਤਾਂ ਉਹ ਚੋਣਾਂ ਹੀ ਨਹੀਂ ਲੜਨਗੇ।