ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਕਾਂਗਰਸ ਲੀਡਰ ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜਨਾ ਚਾਹੁੰਦੇ ਹਨ। ਇਸ ਦੇ ਤਹਿਤ ਅੱਜ ਉਨ੍ਹਾਂ ਚੰਡੀਗੜ੍ਹ ਦੇ ਸੈਕਟਰ 15 ਸਥਿਤ ਕਾਂਗਰਸ ਪਾਰਟੀ ਦੇ ਦਫ਼ਤਰ ਜਾ ਕੇ ਟਿਕਟ ਲਈ ਅਪਲਾਈ ਕਰ ਦਿੱਤਾ ਹੈ। ਹਾਲਾਂਕਿ ਅਪਲਾਈ ਕਰਨ ਦੀ ਆਖ਼ਰੀ ਮਿਤੀ 30 ਜਨਵਰੀ ਸੀ ਪਰ ਸਿੱਧੂ ਨੇ ਅੱਜ ਹੀ ਟਿਕਟ ਮੰਗ ਕੇ ਆਪਣੀ ਇੱਛਾ ਜ਼ਾਹਰ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕੱਲ੍ਹ ਗਣਤੰਤਰ ਦਿਵਸ ਮੌਕੇ ਨਵਜੋਤ ਕੌਰ ਸਿੱਧੂ ਚੰਡੀਗੜ੍ਹ ਦੇ ਪਿੰਡ ਧਨਾਸ ਵਿੱਚ ਬਤੌਰ ਮੁੱਖ ਮਹਿਮਾਨ ਤਿਰੰਗਾ ਝੰਡਾ ਫਹਿਰਾਉਣਗੇ। ਜਦੋਂ ਇਹ ਖ਼ਬਰ ਸਾਹਮਣੇ ਆਈ ਸੀ ਤਾਂ ਉਦੋਂ ਹੀ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਆਖ਼ਰ ਸਿੱਧੂ ਦਾ ਚੰਡੀਗੜ੍ਹ ਨਾ ਕੀ ਸਬੰਧ ਹੈ? ਹੁਣ ਸਿੱਧੂ ਦੇ ਚੰਡੀਗੜ੍ਹ ਤੋਂ ਟਿਕਟ ਲਈ ਅਪਲਾਈ ਕਰਨ ਬਾਅਦ ਸਭ ਕੁਝ ਸਪਸ਼ਟ ਹੋ ਗਿਆ ਹੈ ਕਿ ਉਹ ਚੰਡੀਗੜ੍ਹ ਤੋਂ ਚੋਣ ਲੜਨ ਲਈ ਤਿਆਰ ਹਨ।

ਹੁਣ ਵੱਡਾ ਸਵਾਲ ਇਹ ਹੈ ਕਿ ਕੀ ਚੰਡੀਗੜ੍ਹ ਤੋਂ ਕਾਂਗਰਸ ਉਮੀਦਵਾਰ ਪਵਨ ਕੁਮਾਰ ਬੰਸਲ ਦਾ ਪੱਤਾ ਕੱਟਿਆ ਜਾਏਗਾ ਜਾਂ ਮੈਡਮ ਸਿੱਧੂ ਦੇ ਨਿਰਾਸ਼ਾ ਹੱਥ ਲੱਗਦੀ ਹੈ। ਆਖ਼ਰੀ ਫੈਸਲਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੱਥ ਹੈ। ਜੇ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਨੇ ਟਿਕਟ ਦੇ ਦਿੱਤੀ ਤਾਂ ਉਨ੍ਹਾਂ ਦਾ ਮੁਕਾਬਲਾ ਕਿਰਨ ਖੇਰ ਨਾਲ ਹੋ ਸਕਦਾ ਹੈ।

ਫੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ। ਫਿਲਹਾਲ ਨਵਜੋਤ ਕੌਰ ਚੰਡੀਗੜ੍ਹ ਦੀ ਸਿਆਸਤ ਵਿੱਚ ਸਰਗਰਮ ਹੋ ਗਏ ਹਨ। ਯਾਦ ਰਹੇ ਕਿ ਪਹਿਲਾਂ ਸਿੱਧੂ ਅੰਮ੍ਰਿਤਸਰ ਦੀ ਈਸਟ ਸੀਟ ਤੋਂ ਬੀਜੇਪੀ ਦੀ ਵਿਧਾਇਕਾ ਰਹਿ ਚੁੱਕੇ ਹਨ ਅਤੇ ਪੰਜਾਬ ਦੀ ਬਾਦਲ ਸਰਕਾਰ ਵਿੱਚ CPS ਸਨ। ਹੁਣ ਉਸੇ ਸੀਟ ’ਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿਧਾਇਕ ਤੇ ਮੰਤਰੀ ਹਨ।