ਚੰਡੀਗੜ੍ਹ: ਪਹਿਲੀ ਵਾਰ ਪੰਜਾਬ ਦੇ 13 ਫਾਇਰ ਕਰਮਚਾਰੀਆਂ ਨੂੰ ਰਾਸ਼ਟਰਪਤੀ ਗੈਲੰਟਰੀ ਐਵਾਰਡ ਨਾਲ ਨਵਾਜਿਆ ਜਾਏਗਾ। ਲੁਧਿਆਣਾ ਅਗਨੀਕਾਂਡ ਵਿੱਚ ਆਪਣੀ ਜਾਨ ਗਵਾਉਣ ਵਾਲੇ 9 ਫਾਇਰ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਤੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਲੋਕਾਂ ਦੀ ਜਾਨ ਬਚਾਉਣ ਵਾਲੇ 4 ਫਾਇਰ ਮੁਲਾਜ਼ਮਾਂ ਨੂੰ ਰਾਸ਼ਟਰਪਤੀ ਗੈਲੰਟਰੀ ਐਵਾਰਡ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਫਾਇਰ ਸਰਵਿਸਿਜ਼ ਵਿੱਚ ਕਦੀ ਇੰਨੇ ਗੈਲੰਟਰੀ ਮੈਡਲ ਨਹੀਂ ਮਿਲੇ।

ਜ਼ਿਕਰਯੋਗ ਹੈ ਕਿ 20 ਨਵੰਬਰ, 2017 ਨੂੰ ਲੁਧਿਆਣਾ ਦੇ ਸੂਫੀਆਂ ਚੌਕ ’ਤੇ ਇੱਕ ਫੈਕਟਰੀ ਤੇ 11 ਮਈ, 2017 ਨੂੰ ਮਲਿਕਾ ਟੈਕਟਸਟਾਈਲ ਵਿੱਚ ਅੱਗ ਲੱਗਣ ਦੀਆਂ ਦੋ ਘਟਨਾਵਾਂ ਵਿੱਚ ਬਹਾਦਰੀ ਦਿਖਾਉਣ ਵਾਲੇ ਫਾਇਰਮੈਨਜ਼ ਨੂੰ ਇਹ ਐਵਾਰਡ ਦਿੱਤੇ ਗਏ ਹਨ।

ਅੱਜ ਪੰਜਾਬ ਭਵਨ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਗਣਤੰਤਰ ਦਿਵਸ ਮੌਕੇ ਉਕਤ ਐਵਾਰਡ ਲਈ ਪੰਜਾਬ ਦੇ 13 ਫਾਇਰਮਿਨ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਸੀ ਤੇ ਕੇਂਦਰ ਨੇ ਸਾਰੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ। ਖ਼ਾਸ ਗੱਲ ਇਹ ਹੈ ਕਿ ਪੂਰੇ ਦੇਸ਼ ਅੰਦਰ ਕੁੱਲ 15 ਐਵਾਰਡ ਦਿੱਤੇ ਗਏ ਹਨ ਤੇ 15 ਵਿੱਚੋਂ 13 ਐਵਾਰਡ ਇਕੱਲੇ ਪੰਜਾਬ ਦੀ ਝੋਲੀ ਪਏ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ 9 ਫਾਈਰਮਿਨ ਦੇ ਪਰਿਵਾਰਾਂ ਨੂੰ ਸਨਮਾਨ ਦਿੱਤਾ ਗਿਆ। ਇਨ੍ਹਾਂ ਵਿੱਚ ਸਬ-ਫਾਇਰ ਅਫ਼ਸਰ ਰਜਿੰਦਰ ਕੁਮਾਰ, ਸਬ-ਫਾਇਰ ਅਫ਼ਸਰ ਸਮੌਨ ਗਿੱਲ, ਸਬ-ਫਾਇਰ ਰਾਜ ਕੁਮਾਰ, ਲੀਡਿੰਗ ਫਾਇਰਮੈਨ ਮਨੋਹਰ ਲਾਲ, ਫਾਇਰਮੈਨ ਪੂਰਨ ਸਿੰਘ, ਫਾਇਰਮੈਨ ਰਾਜਨ, ਫਾਇਰਮੈਨ (PESCO) ਮਨਪ੍ਰੀਤ ਸਿੰਘ, ਫਾਇਰਮੈਨ (PESCO) ਸੁਖਦੇਵ ਸਿੰਘ ਤੇ ਫਾਇਰਮੈਨ ਵਿਸਾਲ ਕੁਮਾਰ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਘਟਨਾ ਵਿੱਚ ਜ਼ਖ਼ਮੀ ਹੋਣ ਵਾਲੇ ਚਾਰ ਫਾਇਰਮਿਨ- ਸਬ-ਫਾਇਰ ਅਫ਼ਸਰ ਹਜੂਰਾ ਸਿੰਘ, ਫਾਇਰਮੈਨ ਨਰੇਸ਼ ਕੁਮਾਰ, ਫਾਇਰਮੈਨ ਲਵਲੇਸ਼ ਕੁਮਾਰ ਤੇ ਫਾਇਰਮੈਨ (PESCO) ਸੌਦਾਗਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਸਿੱਧੂ ਨੇ ਦੱਸਿਆ ਕਿ ਐਵਾਰਡ ਦੇ ਨਾਲ-ਨਾਲ ਸ਼ਹੀਦ ਫਾਇਰਮੈਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਪਰਿਵਾਰਾਂ ਨੂੰ ਆਮਦਨ ਕਰ ਤੋਂ ਛੋਟ ਦੇ ਇਲਾਵਾ 5 ਹਜ਼ਾਰ ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ, ਏਅਰ ਇੰਡੀਆ ਵਿੱਚ ਸਫ਼ਰ ਕਰਨ ਵੇਲੇ 75 ਫੀਸਦੀ ਛੋਟ, ਪਰਿਵਾਰ ਦੇ ਦੋ ਮੈਂਬਰਾਂ ਨੂੰ ਮੁਫਤ ਏਸੀ 3 ਟਾਇਰ ਰੇਲਵੇ ਸਫ਼ਰ ਪੜ੍ਹਾਈ ਵਿੱਚ ਬੱਚਿਆਂ ਨੂੰ 5 ਫੀਸਦੀ ਕੋਟੇ ਦੇ ਸਹੂਲਤ ਵੀ ਦਿੱਤੀ ਗਈ ਹੈ।